ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ 'ਤੇ ਗੁ. ਸਤਲਾਣੀ ਸਾਹਿਬ ਵਿਖ਼ੇ ਸੰਗਤਾਂ ਨੂੰ ਬੂਟੇ ਵੰਡੇ
ਅਟਾਰੀ, (ਅੰਮ੍ਰਿਤਸਰ) 4 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਰੱਖਣ ਦੀ ਪਾਲਣ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਫਲਦਾਰ ਅਤੇ ਸਜਾਵਟੀ ਬੂਟੇ ਵੰਡੇ ਗਏ I ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁ. ਗੁਰੂਸਰ ਸਤਲਾਣੀ ਸਾਹਿਬ ਵਿਖੇ ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਅਮਨਬੀਰ ਸਿੰਘ ਸਿਆਲੀ, ਰਾਜਿੰਦਰ ਸਿੰਘ ਅਟਾਰੀ ਮੈਨੇਜਰ ਸ੍ਰੀ ਦਰਬਾਰ ਸਾਹਿਬ, ਮੈਨੇਜਰ ਹਰਵਿੰਦਰ ਸਿੰਘ ਵੇਰਕਾ ਨੇ ਇਲਾਕੇ ਦੀਆਂ ਪਹੁੰਚੀਆਂ ਸੰਗਤਾਂ ਨੂੰ ਬੂਟੇ ਵੰਡੇ ਅਤੇ ਲਗਾਉਣ ਦੀ ਸ਼ੁਰੂਆਤ ਕੀਤੀI ਇਸ ਮੌਕੇ ਗੁਰਿੰਦਰਪਾਲ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਪੱਧਰ ਉਤੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਸਮੂਹ ਗੁਰਧਾਮਾਂ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਖਰਾਬ ਹੋ ਰਹੇ ਵਾਤਾਵਰਣ ਦੀ ਸਾਂਭ-ਸੰਭਾਲ ਵਾਸਤੇ ਉਪਰਾਲੇ ਕਰਦਿਆਂ ਬੂਟੇ ਵੰਡੇ ਜਾ ਰਹੇ ਹਨI