23 ਸਾਲ ਦੇ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ
ਰਾਮਾਂ ਮੰਡੀ, 4 ਅਗਸਤ (ਤਰਸੇਮ ਸਿੰਗਲਾ)-ਨੇੜਲੇ ਪਿੰਡ ਤਰਖਾਣਵਾਲਾ ਵਿਖੇ ਅੱਜ 23 ਸਾਲ ਦੇ ਨੌਜਵਾਨ ਮਨਦੀਪ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਸੇਖੂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਲਾਸ਼ ਸਵੇਰੇ 7 ਵਜੇ ਦੇ ਕਰੀਬ ਤਰਖਾਣਵਾਲਾ ਪਿੰਡ ਦੇ ਸੂਏ ਦੀ ਪਟੜੀ ਉਤੇ ਪਈ ਹੋਣ ਦੀ ਸੂਚਨਾ ਪੁਲਿਸ ਨੂੰ ਪਿੰਡ ਵਾਸੀਆਂ ਵਲੋਂ ਦਿੱਤੀ ਗਈ। ਮੌਕੇ ਉਤੇ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਰਿਫਾਈਨਰੀ ਪੁਲਿਸ ਚੌਕੀ ਇੰਚਾਰਜ ਰਵਨੀਤ ਸਿੰਘ ਪੁਲਿਸ ਟੀਮਾਂ ਨਾਲ ਪਹੁੰਚੇ। ਪੁਲਿਸ ਨੂੰ ਲਾਸ਼ ਦੇ ਕੋਲ ਮ੍ਰਿਤਕ ਨੌਜਵਾਨ ਦਾ ਮੋਟਰਸਾਈਕਲ ਵੀ ਖੜ੍ਹਾ ਮਿਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੌਤ ਦੀ ਘਟਨਾ ਵਿਚ ਸ਼ਾਮਿਲ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮਾਮਲਾ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਦਾ ਵੀ ਦੱਸਿਆ ਜਾ ਰਿਹਾ ਹੈ।