ਇੰਪੀਰੀਅਲ ਮੈਡੀਕਲ ਹਾਲ 'ਚ ਲੁੱਟ ਕਰਨ ਵਾਲੇ 2 ਕਾਬੂ
-recovered-recovered-recovered-recovered-recovered-recovered.jpg)
ਜਲੰਧਰ, 4 ਅਗਸਤ (ਮਨਜੋਤ ਸਿੰਘ)-ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਸ਼ਹਿਰ ਵਿਚ ਅਪਰਾਧਾਂ ਨੂੰ ਨੱਥ ਪਾਉਣ ਦੀ ਦ੍ਰਿੜ੍ਹ ਵਚਨਬੱਧਤਾ ਤਹਿਤ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਕੁਝ ਦਿਨ ਪਹਿਲਾਂ ਇੰਪੀਰੀਅਲ ਮੈਡੀਕਲ ਹਾਲ ਵਿਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਅ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਿਵੇਸ਼ ਆਹੂਜਾ ਪੁੱਤਰ ਮਨਜੀਤ ਰਾਏ ਵਾਸੀ ਮੁਹੱਲਾ ਨੰਬਰ 377 ਜੇ.ਪੀ.ਨਗਰ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 27 ਜੁਲਾਈ ਨੂੰ ਜਦੋਂ ਉਹ ਆਪਣੀ ਦੁਕਾਨ ਅੰਦਰ ਬੈਠਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਲੋਹੇ ਦੇ ਦਾਤ ਨਾਲ ਅੰਦਰ ਵੜ ਗਏ ਅਤੇ ਉਸ 'ਤੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਇਕ ਵਿਅਕਤੀ ਨੇ ਕੈਸ਼ ਕਾਊਂਟਰ ਤੋਂ 45,000-50,000 ਰੁਪਏ ਲੁੱਟ ਲਏ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਤਕਨੀਕੀ ਸਹਾਇਤਾ, ਖੁਫੀਆ ਜਾਣਕਾਰੀ ਅਤੇ ਸਬੂਤਾਂ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਰੌਲੀ ਥਾਣਾ ਮਹਿਤਪੁਰ ਜਲੰਧਰ ਅਤੇ ਚਮਕੌਰ ਸਿੰਘ ਉਰਫ ਕੌੜਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰੌਲੀ ਧੁੱਗਰਾ ਪੀ.ਐਸ. ਮਹਿਤਪੁਰ ਜਲੰਧਰ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਲੁੱਟੇ ਗਏ 41,200 ਰੁਪਏ, ਲੋਹੇ ਦਾ ਦਾਤ, ਮੋਟਰਸਾਈਕਲ ਬਰਾਮਦ ਕੀਤਾ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚਮਕੌਰ ਵਾਸੀ ਨਸ਼ੇੜੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਉਹ ਲੁੱਟ-ਖੋਹ ਅਤੇ ਡਕੈਤੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ ਅਤੇ ਇਸ ਸਮੇਂ ਉਸ ਵਿਰੁੱਧ ਵੱਖ-ਵੱਖ ਥਾਣਿਆਂ ਵਿਚ ਕੁੱਲ 12 ਕੇਸ ਦਰਜ ਹਨ।