ਏਅਰ ਇੰਡੀਆ ਦੇ ਜਹਾਜ਼ ਨਾਲ ਟਕਰਾਇਆ ਪੰਛੀ
ਨਵੀਂ ਦਿੱਲੀ, 14 ਅਗਸਤ- ਏਅਰ ਇੰਡੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਆ, ਡਾਬੋਲਿਮ ਤੋਂ ਮੁੰਬਈ ਜਾ ਰਹੀ ਏੇਅਰ ਇੰਡੀਆ ਦੀ ਉਡਾਣ ਏ.ਆਈ. 684 ਦੇ ਨਾਲ ਅੱਜ ਸਵੇਰੇ ਟੇਕ-ਆਫ਼ ਰਨ ਦੌਰਾਨ ਇਕ ਪੰਛੀ ਟਕਰਾ ਗਿਆ। ਕਾਕਪਿਟ ਚਾਲਕ ਦਲ ਨੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੇ ਅਨੁਸਾਰ ਟੇਕ-ਆਫ਼ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ ਸਨ ਅਤੇ ਘਟਨਾ ਤੋਂ ਬਾਅਦ ਜਹਾਜ਼ ਨੂੰ ਜ਼ਰੂਰੀ ਜਾਂਚ ਲਈ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਡਾਬੋਲਿਮ ਹਵਾਈ ਅੱਡੇ ’ਤੇ ਸਾਡੇ ਜ਼ਮੀਨੀ ਸਹਿਯੋਗੀਆਂ ਨੇ ਮਹਿਮਾਨਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦਿੱਤਾ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ ’ਤੇ ਪਹੁੰਚਾਉਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਯਾਤਰਾ ਰੱਦ ਹੋਣ ’ਤੇ ਪੂਰਾ ਰਿਫ਼ੰਡ ਅਤੇ ਜੇਕਰ ਉਹ ਚਾਹੁਣ ਤਾਂ ਕਿਸੇ ਹੋਰ ਤਰੀਕ ਲਈ ਮੁਫਤ ਰੀ-ਸ਼ਡਿਊਲਿੰਗ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।