ਆਜ਼ਾਦੀ ਦਿਵਸ ਸਮਾਰੋਹ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਜੇਲ੍ਹ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਨੂੰ 'ਨੋ ਫ਼ਲਾਈ ਜ਼ੋਨ' ਐਲਾਨਿਆ
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਜ਼ਿਲ੍ਹਾ ਮੈਜਿਸਟਰੇਟ ਜਤਿੰਦਰ ਜ਼ੋਰਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜੇਲ੍ਹ, ਸੰਗਰੂਰ ਅਤੇ ਇਸ ਦੇ 500 ਮੀਟਰ ਦੇ ਘੇਰੇ ਅੰਦਰ ਡਰੋਨ ਉਡਾਉਣ ’ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਇਸ ਏਰੀਏ ਨੂੰ ‘ਨੋ ਫ਼ਲਾਈ ਜ਼ੋਨ’ ਘੋਸ਼ਿਤ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ 15 ਅਗਸਤ ਨੂੰ ਪੁਲਿਸ ਲਾਈਨ ਸਟੇਡੀਅਮ ਵਿਖੇ ਆਜ਼ਾਦੀ ਦਿਵਸ ਸਮਾਰੋਹ ਮਨਾਇਆ ਜਾ ਰਿਹਾ ਹੈ ਅਤੇ ਸੁਪਰਡੈਂਟ ਜੇਲ੍ਹ ਵਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਵਧੀਕ ਡਾਇਰੈਕਟਰ ਜਨਰਲ ਪੁਲਿਸ (ਜੇਲ੍ਹਾਂ) ਦੀ ਪ੍ਰਧਾਨਗੀ ਹੇਠ ਹੋਈ ਵੀਡੀਓ ਕਾਨਫ਼ਰੰਸ ਵਿਚ ਆਜ਼ਾਦੀ ਦਿਹਾੜੇ ਮੌਕੇ ਇਸ ਖੇਤਰ ਨੂੰ ਨੋ ਫ਼ਲਾਈ ਜ਼ੋਨ ਐਲਾਨਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਅਤੇ ਆਜ਼ਾਦੀ ਦੇ ਜਸ਼ਨਾਂ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਹੁਕਮ 14 ਅਗਸਤ ਤੋਂ 15 ਅਗਸਤ ਤੱਕ ਲਾਗੂ ਰਹਿਣਗੇ।