ਵਿਧਾਇਕ ਇਆਲੀ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਡਟੇ ਰਹਿਣ ਦੀ ਪ੍ਰਤੀਬੱਧਤਾ ਮੁੜ ਦੁਹਰਾਈ
ਗੁਰੂਸਰ ਸੁਧਾਰ, 14 ਅਗਸਤ (ਜਗਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁੱਖਵਿੰਦਰ ਸੁੱਖੀ ਦੇ 'ਆਪ' 'ਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ 'ਆਪ' 'ਚ ਸ਼ਾਮਿਲ ਹੋਣ ਸੰਬੰਧੀ ਦਿੱਤੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਉਹ ਆਪਣੇ ਅਸੂਲਾਂ ਤੇ ਸਿਧਾਂਤਾਂ ਨਾਲ ਕਿਸੇ ਕੀਮਤ ਉਤੇ ਸਮਝੌਤਾ ਨਹੀਂ ਕਰਨਗੇ ਅਤੇ ਉਹ ਹਮੇਸ਼ਾ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਅਕਾਲੀ ਦਲ 'ਚ ਆਏ ਨਿਘਾਰ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਸਿਧਾਂਤਾਂ ਲਈ ਪਾਰਟੀ ਅੰਦਰ ਰਹਿੰਦਿਆਂ ਪਹਿਰਾ ਦੇਣ ਬਾਰੇ ਵੀ ਕਿਹਾ। ਵਿਧਾਇਕ ਇਆਲੀ ਨੇ ਮੌਜੂਦਾ ਰਾਜਨੀਤਕ ਹਾਲਾਤ 'ਚ ਬਹੁਤੇ ਰਾਜਸੀ ਨੇਤਾਵਾਂ 'ਚ ਪਾਰਟੀ ਸਿਧਾਂਤਾਂ ਦੀ ਗਿਰਾਵਟ ਦੇ ਚੱਲਦਿਆਂ ਨਿੱਜੀ ਹਿੱਤ ਭਾਰੂ ਹੋਣ ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ 'ਆਪ' ਸਮੇਤ ਅਨੇਕਾਂ ਰਾਜਨੀਤਕ ਦਲਾਂ ਦੇ ਵੱਡੇ ਆਗੂਆਂ ਵਲੋਂ ਆਪਣੀਆਂ-ਆਪਣੀਆਂ ਪਾਰਟੀਆਂ 'ਚ ਮੇਰੀ ਸ਼ਮੂਲੀਅਤ ਲਈ ਕੋਸ਼ਿਸ਼ ਕੀਤੀ ਗਈ ਪਰ ਮੇਰੀ ਪਛਾਣ ਸ਼੍ਰੋਮਣੀ ਅਕਾਲੀ ਦਲ ਕਰਕੇ ਹੈ ਅਤੇ ਮੈਂ ਆਖ਼ਰੀ ਸਾਹਾਂ ਤੱਕ ਆਪਣੀ ਮਾਂ ਪਾਰਟੀ ਪ੍ਰਤੀ ਵਫ਼ਾਦਾਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸਿਧਾਂਤਕ ਲੜਾਈ ਲੜਦਾ ਰਹਾਂਗਾ।