ਕਿਸਾਨ ਡੱਬਵਾਲੀ ਬਾਰਡਰ ਤੋਂ ਖਨੌਰੀ ਬਾਰਡਰ ਲਈ ਰਵਾਨਾ
ਬਠਿੰਡਾ, 17 ਜੁਲਾਈ (ਨਾਇਬ ਸਿੰਘ ਸਿੱਧੂ)- ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵਲੋਂ ਹਰਿਆਣਾ ਦੇ ਬਾਰਡਰਾਂ ’ਤੇ ਧਰਨੇ ਚੱਲ ਰਹੇ ਸਨ ਅਤੇ ਹਰਿਆਣਾ ਸਰਕਾਰ ਵਲੋਂ ਕੌਮੀ ਮਾਰਗ ਨੂੰ ਬੈਰੀਗੇਟ ਲਾ ਕੇ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਸੀ । ਇਸ ਨੂੰ ਲੈ ਕੇ ਪਿਛਲੇ ਦਿਨੀਂ ਮਾਣਯੋਗ ਅਦਾਲਤ ਦੇ ਆਏ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੇ ਵੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਬਾਰਡਰ ਖੁੱਲ੍ਹਦਿਆਂ ਹੀ ਦਿੱਲੀ ਵੱਲ ਕੂਚ ਕਰਨਗੇ। ਇਸ ਨੂੰ ਲੈ ਕੇ ਡੱਬਵਾਲੀ ਬਾਰਡਰ ’ਤੇ ਲੱਗਿਆ ਧਰਨਾ ਤਬਦੀਲ ਕਰਕੇ ਖਨੌਰੀ ਬਾਰਡਰ ਵਿਚ ਸ਼ਾਮਿਲ ਕੀਤਾ ਜਾਣਾ ਸੀ ਪਰ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਨੂੰ ਹਰਿਆਣੇ ਵਿਚ ਦੀ ਨਹੀਂ ਲੰਘਣ ਦਿੱਤਾ ਗਿਆ। ਤਕਰੀਬਨ ਤਿੰਨ ਘੰਟੇ ਦੀ ਜੱਦੋ ਜਹਿਦ ਬਾਅਦ ਕਿਸਾਨ ਆਪਣੀ ਜ਼ਿੱਦ ਪੁਗਾ ਕੇ ਲੰਘਣ ਵਿਚ ਕਾਮਯਾਬ ਹੋ ਗਏ ਅਤੇ ਬਠਿੰਡਾ ਵਿਚ ਦੀ ਹੁੰਦੇ ਹੋਏ ਖਨੌਰੀ ਬਾਰਡਰ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਸਰਕਾਰਾਂ ਘਬਰਾਈਆਂ ਹੋਈਆਂ ਹਨ। ਉਹ ਸਾਨੂੰ ਜਿੱਥੇ ਮਰਜ਼ੀ ਰੋਕਣ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਅਤੇ ਅਖੀਰ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਮਨਵਾ ਕੇ ਹੀ ਦਮ ਲਵਾਂਗੇ।