ਭਮਾਂ ਅੱਡੇ ਨਜ਼ਦੀਕ ਝਾੜੀਆਂ ਚੋਂ 55 ਸਾਲਾਂ ਵਿਅਕਤੀ ਦੀ ਮਿਲੀ ਲਾਸ਼

ਮਾਛੀਵਾੜਾ ਸਾਹਿਬ, 17 ਜੁਲਾਈ (ਜੀ. ਐੱਸ. ਚੌਹਾਨ) - ਅੱਜ ਤੜਕਸਾਰ ਮਾਛੀਵਾੜਾ ਸਾਹਿਬ ਤੋਂ ਕਰੀਬ 8 ਕਿਲੋਮੀਟਰ ਦੀ ਦੂਰੀ ’ਤੇ ਕੁਹਾੜਾ ਰੋਡ ਸਥਿਤ ਪਿੰਡ ਭਮਾਂ ਦੇ ਅੱਡੇ ਨਜ਼ਦੀਕ ਇਕ 55 ਸਾਲਾਂ ਵਿਅਕਤੀ ਦੀ ਲਾਸ਼ ਸੜਕ ਨਾਲ ਲੱਗਦੀਆਂ ਝਾੜੀਆਂ ’ਚ ਡਿੱਗੀ ਮਿਲੀ। ਮੌਕੇ ’ਤੇ ਮੌਜੂਦ ਕੁਝ ਜਾਣਕਾਰ ਵਿਅਕਤੀਆਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਨਾਮ ਗੁਰਮੀਤ ਸਿੰਘ ਹੈ ਅਤੇ ਇਹ ਪਿੰਡ ਪ੍ਰਿਥੀਪੁਰ ਦਾ ਰਹਿਣ ਵਾਲਾ ਹੈ, ਜੋ ਕਿ ਫੈਕਟਰੀ ਸ਼ਿਵਾ ਯੂਨਿਟ 1 ਵਿਚ ਲੇਬਰ ਦਾ ਕੰਮ ਕਰਦਾ ਸੀ। ਮ੍ਰਿਤਕ ਗੁਰਮੀਤ ਸਿੰਘ ਦੇ ਮੂੰਹ ’ਤੇ ਕਿਸੇ ਗਹਿਰੀ ਸੱਟ ਕਾਰਨ ਖੂਨ ਨਿਕਲਿਆ ਹੋਇਆ ਸੀ ਅਤੇ ਸਰੀਰ ਦੇ ਕੁਝ ਹੋਰ ਅੰਗਾਂ ’ਤੇ ਵੀ ਸੱਟਾਂ ਦੇ ਛੋਟੇ-ਮੋਟੇ ਨਿਸ਼ਾਨ ਸਨ। ਮੌਕੇ ’ਤੇ ਮੌਜੂਦ ਵਿਅਕਤੀਆਂ ਵਲੋਂ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਜਾ ਰਹੀ ਸੀ, ਪਰ ਫਿਲਹਾਲ ਇਸ ਮਾਮਲੇ ਦਾ ਅਸਲ ਸੱਚ ਪੋਸਟ ਮਾਰਟਮ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕਦਾ ਹੈ। ਇਸ ਘਟਨਾ ਦੀ ਸੂਚਨਾ ਕੂੰਮ ਕਲਾਂ ਪੁਲਿਸ ਨੂੰ ਦੇ ਦਿੱਤੀ ਗਈ ਸੀ।