ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ
.jpg)
ਧਰਮਗੜ੍ਹ, 20 ਜੁਲਾਈ (ਗੁਰਜੀਤ ਸਿੰਘ ਚਹਿਲ)-ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਅਤੇ ਸੂਬਾ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਫੈਸਲਾ ਲਿਆ ਗਿਆ ਕਿ 28 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਦੌਰਾਨ ਵਿਚਾਰਿਆ ਕਿ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੇ ਮਨਾਂ 'ਚ ਸਰਕਾਰ ਵਲੋਂ ਮੰਗਾਂ ਪੂਰੀਆਂ ਨਾ ਕਰਨ ਦਾ ਭਾਰੀ ਰੋਸ ਹੈ। ਮੀਟਿੰਗ 'ਚ ਸ਼ਾਮਲ ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਯੂਨੀਅਨ ਦੀਆਂ ਦਰਜਨਾਂ ਪੈਨਲ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਕੂਮਤ ਕੁਝ ਵੀ ਪੱਲੇ ਨਹੀਂ ਪਾ ਰਹੀ। ਆਗੂਆਂ ਨੇ ਕਿਹਾ ਕਿ ਸੂਬੇ ਦੇ ਆਦਰਸ਼ ਸਕੂਲ ਦੇ ਕਰਮਚਾਰੀਆਂ ਦੀ ਹਾਲਤ ਨਿਗੂਣੀਆਂ ਤਨਖਾਹਾਂ ਮਿਲਣ ਕਰਕੇ ਅਤਿ ਤਰਸਯੋਗ ਬਣੀ ਹੋਈ ਹੈ ਪਰ ਸੀ.ਐਮ. ਦਾ ਹਰਾ ਪੈੱਨ ਉਨ੍ਹਾਂ ਦੇ ਹੱਕ ਵਿਚ ਪਤਾ ਨਹੀਂ ਕਿਉਂ ਨਹੀਂ ਚੱਲ ਰਿਹਾ? ਆਗੂਆਂ ਨੇ ਕਿਹਾ ਕਿ ਪੰਜਾਬ ਦੇ ਆਦਰਸ਼ ਸਕੂਲਾਂ ਦੀ ਹਾਲਤ ਅੱਜ ਤਰਸਯੋਗ ਬਣੀ ਹੋਈ ਹੈ, ਜਿਸ ਵੱਲ ਸੂਬਾ ਸਰਕਾਰ ਰੱਤੀ ਭਰ ਵੀ ਤਵੱਜੋ ਨਹੀਂ ਦੇ ਰਹੀ।