ਅਟਾਰੀ ਸਰਹੱਦ ਨੇੜੇ ਸੂਏ 'ਚੋਂ ਮਿਲੀ ਅਣਪਛਾਤੀ ਲਾਸ਼
.jpg)
ਅਟਾਰੀ, 20 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅਟਾਰੀ ਸਰਹੱਦ ਨੂੰ ਆਉਂਦੀ ਲਾਹੌਰ ਬਰਾਂਚ ਨਹਿਰ ਵਿਚੋਂ ਨਿਕਲਦੇ ਨਿੱਕੇ ਸੂਏ ਵਿਚ ਰੁੜ੍ਹ ਕੇ ਅਟਾਰੀ ਦੇ ਨਜ਼ਦੀਕ ਪੁੱਜੀ ਅਣਪਛਾਤੀ ਲਾਸ਼ ਮਿਲਣ ਕਰਕੇ ਇਲਾਕੇ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ I ਅਟਾਰੀ ਦਾਣਾ ਮੰਡੀ ਦੇ ਨਜ਼ਦੀਕ ਤੋਂ ਲੰਘਦੇ ਨਹਿਰੀ ਸੂਏ ਦੇ ਪੁਲ ਨਾਲ ਕੁਝ ਸਮਾਂ ਇਹ ਲਾਸ਼ ਅੜੀ ਰਹਿਣ ਉਪਰੰਤ ਪਾਣੀ ਦੇ ਤੇਜ਼ ਵਹਾਅ ਕਰਕੇ ਭਾਰਤ-ਪਾਕਿਸਤਾਨ ਰੇਲਵੇ ਟਰੈਕ ਦੇ ਪੁਲ ਹੇਠਾਂ ਜਾ ਕੇ ਫਸ ਗਈ I ਸਥਾਨਕ ਲੋਕਾਂ ਨੇ ਇਹ ਅਣਪਛਾਤੀ ਲਾਸ਼ ਨੂੰ ਵੇਖਦਿਆਂ ਹੋਇਆਂ ਉਸੇ ਵੇਲੇ ਹੀ ਪੁਲਿਸ ਥਾਣਾ ਘਰਿੰਡਾ ਨੂੰ ਇਤਲਾਹ ਦਿੱਤੀ ਜਿਥੇ ਪੁਲਿਸ ਪਾਰਟੀ ਨੇ ਇਹ ਅਣਪਛਾਤੀ ਲਾਸ਼ ਨੂੰ ਬਾਹਰ ਕੱਢ ਕੇ ਲੋਕਾਂ ਦੇ ਵੇਖਣ ਉਤੇ ਪਛਾਣ ਕਰਨ ਲਈ ਰੱਖਿਆ ਪਰ ਲਾਸ਼ ਜ਼ਿਆਦਾ ਗਲੀ-ਸੜੀ ਹੋਣ ਕਰਕੇ ਸਥਾਨਕ ਲੋਕਾਂ ਤੇ ਪੁਲਿਸ ਨੂੰ ਪਛਾਣ ਨਹੀਂ ਹੋ ਸਕੀ I ਥਾਣਾ ਘਰਿੰਡਾ ਦੀ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਅੰਮ੍ਰਿਤਸਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ।