ਪਿੰਡ ਸੰਗਤਪੁਰਾ ਵਿਖੇ ਗੁਰਦੁਆਰਾ ਸਾਹਿਬ ਦਾ ਲੈਂਟਰ ਡਿੱਗਾ, ਕਈ ਸ਼ਰਧਾਲੂ ਮਲਬੇ ਹੇਠਾਂ ਦੱਬੇ
ਚੋਹਲਾ ਸਾਹਿਬ (ਤਰਨਤਾਰਨ), 5 ਸਤੰਬਰ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਸੰਗਤਪੁਰਾ ਵਿਖੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਜੀ ਵਿਖੇ ਕਾਰ ਸੇਵਾ ਸੰਪਰਦਾਇ ਦੇ ਲੰਗਰ ਹਾਲ ਦੀ ਇਮਾਰਤ ਲਈ ਨਵੇਂ ਪਾਏ ਜਾ ਰਹੇ ਲੈਂਟਰ ਦੇ ਡਿੱਗਣ ਨਾਲ ਕਈ ਸ਼ਰਧਾਲੂ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜੇ.ਸੀ.ਬੀ. ਮਸ਼ੀਨਾਂ ਅਤੇ ਹੋਰ ਸਾਧਨਾਂ ਰਾਹੀਂ ਮਲਬੇ ਨੂੰ ਪਾਸੇ ਕਰਕੇ ਬਚਾਅ ਕਾਰਜਾਂ ਨੂੰ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 7 ਵਿਅਕਤੀਆਂ ਨੂੰ ਮਲਬੇ ਹੇਠਾਂ ਕੱਢ ਕੇ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ ਅਤੇ ਬਾਕੀ ਵਿਅਕਤੀਆਂ ਨੂੰ ਵੀ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ।