ਅਕਾਲੀ ਦਲ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਲਈ ਦੇਵੇਗਾ ਜ਼ਿਲ੍ਹਾ ਪੱਧਰੀ ਧਰਨੇ- ਬਲਵਿੰਦਰ ਸਿੰਘ ਭੂੰਦੜ
ਚੰਡੀਗੜ੍ਹ, 7 ਸਤੰਬਰ- ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰਨ ਵਾਸਤੇ ਜ਼ਿਲ੍ਹਾ ਪੱਧਰੀ ਧਰਨੇ ਦੇਵੇਗਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਧਰਨੇ 10 ਸਤੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਹੋਣਗੇ, ਜਿਸ ਮਗਰੋਂ 11 ਨੂੰ ਫਿਰੋਜ਼ਪੁਰ, 12 ਨੂੰ ਫ਼ਾਜ਼ਿਲਕਾ, 13 ਨੂੰ ਮੋਗਾ, 16 ਨੂੰ ਸ੍ਰੀ ਮੁਕਤਸਰ ਸਾਹਿਬ, 17 ਨੂੰ ਬਠਿੰਡਾ, 18 ਨੂੰ ਮਾਨਸਾ, 19 ਨੂੰ ਸੰਗਰੂਰ, 20 ਨੂੰ ਬਰਨਾਲਾ ਅਤੇ 23 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਚ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੱਸੇਗੀ ਕਿ ਕਿਵੇਂ ਸਰਕਾਰ ਨੇ ਬਿਜਲੀ ਸਬਸਿਡੀ ਵਾਪਸ ਲੈ ਕੇ, ਪੈਟਰੋਲ ਅਤੇ ਡੀਜ਼ਲ ’ਤੇ ਵਾਰ-ਵਾਰ ਵੈਟ ਵਧਾ ਕੇ, ਬਸ ਕਿਰਾਏ 23 ਪੈਸੇ ਪ੍ਰਤੀ ਕਿਲੋਮੀਟਰ ਵਧਾ ਕੇ ਤੇ ਵਾਹਨਾਂ ’ਤੇ ਟੈਕਸ ਤੇ ਜ਼ਮੀਨ ਦੀਆਂ ਰਜਿਸਟਰੀਆਂ ਦੀਆਂ ਫੀਸਾਂ ਵਿਚ ਵਾਧਾ ਕਰ ਕੇ ਲੋਕ ਵਿਰੋਧੀ ਫੈਸਲੇ ਲਏ ਹਨ। ਸ. ਭੂੰਦੜ ਨੇ ਦੱਸਿਆ ਕਿ ਭਗਵੰਤ ਮਾਨ ਦੀ ਲੀਡਰਸ਼ਿਪ ਹੇਠ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ ਅਤੇ ਗੈਂਗਸਟਰ ਸੂਬੇ ਨੂੰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਗਵੰਤ ਮਾਨ ਸਰਕਾਰ ਨੂੰ ਬੇਨਕਾਬ ਕਰੇਗਾ ਕਿ ਕਿਵੇਂ ਇਹ ਕਿਸਾਨਾਂ,ਵਪਾਰੀਆਂ, ਮਜ਼ਦੂਰਾਂ, ਆਮ ਆਦਮੀ ਤੇ ਸਮਾਜ ਦੇ ਹੋਰ ਵਰਗਾਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ।