ਸ਼ੱਕੀ ਹਾਲਤ ਚ ਵਿਆਹੁਤਾ ਦੀ ਮੌਤ
ਬਾਲਿਅਵਾਲੀ, 8 ਸਤੰਬਰ (ਕੁਲਦੀਪ ਮਤਵਾਲਾ) - ਨੇੜਲੇ ਪਿੰਡ ਨੰਦਗੜ੍ਹ ਕੋਟੜਾ ਵਿਖੇ ਪਿੰਡ ਪਿੱਥੋ ਦੀ ਰਮਨਦੀਪ ਕੌਰ (32) ਜੋ ਕਿ ਪੌਣੇ 3 ਕੁ ਸਾਲ ਦੇ ਪੁੱਤਰ ਦੀ ਮਾਂ ਵੀ ਸੀ, ਵਲੋਂ ਸ਼ੱਕੀ ਹਾਲਤ ਚ, ਸਪਰੇਅ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਖ਼ਬਰ ਹੈ। ਮ੍ਰਿਤਕਾ ਦੇ ਛੋਟੇ ਭਰਾ ਜਗਸੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੱਥੋ (ਬਠਿੰਡਾ) ਨੇ ਇਸ ਕੇਸ ਦੇ ਤਫਤੀਸੀ ਅਧਿਕਾਰੀ ਰਣਧੀਰ ਸਿੰਘ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਮੇਰੀ ਭੈਣ ਰਮਨਦੀਪ ਕੌਰ (32) ਦਾ ਵਿਆਹ ਪੌਣੇ 4 ਸਾਲ ਪਹਿਲਾਂ ਲਖਦੀਪ ਸਿੰਘ ਵਾਸੀ ਨੰਦਗੜ੍ਹ ਕੋਟੜਾ ਦੇ ਨਾਲ ਹੋਇਆ ਸੀ ਅਤੇ ਅਸੀ ਆਪਣੀ ਹੈਸੀਅਤ ਮੁਤਾਬਿਕ ਵਿਆਹ ਕੀਤਾ ਤੇ ਦਾਜ ਵੀ ਦਿੱਤਾ ਸੀ, ਪਰੰਤੂ ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਲਖਦੀਪ ਸਿੰਘ ਮੇਰੀ ਭੈਣ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਲੱਗ ਗਿਆ। ਕਈ ਵਾਰ ਰਮਨਦੀਪ ਕੌਰ ਪੇਕੇ ਪਿੰਡ ਪਿੱਥੋ ਵੀ ਆਈ, ਅਸੀ ਆਪਣੇ ਰਿਸ਼ਤੇਦਾਰਾਂ ਤੇ ਪਤਵੰਤਿਆਂ ਦੇ ਰਾਹੀਂ ਰਮਨਦੀਪ ਕੌਰ ਨੂੰ ਸਹੁਰੇ ਪਿੰਡ ਨੰਦਗੜ੍ਹ ਕੋਟੜਾ ਛੱਡ ਆਉਂਦੇ, ਪਰ ਆਪਣੀ ਇੱਜ਼ਤ ਦੀ ਖ਼ਾਤਰ ਅਸੀ ਪੁਲਿਸ ਨੂੰ ਇਤਲਾਹ ਨਹੀਂ ਕੀਤੀ। ਇਸੇ ਦਰਮਿਆਨ ਰਮਨਦੀਪ ਕੌਰ ਦੇ ਇਕ ਪੁੱਤਰ ਪੈਦਾ ਹੋਇਆ ਜੋ ਹੁਣ ਪੌਣੇ 3 ਸਾਲ ਦਾ ਹੈ। ਪਿੰਡ ਨੰਦਗੜ੍ਹ ਕੋਟੜਾ ਤੋਂ 24 ਅਗਸਤ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੇਰੀ ਭੈਣ ਬਿਮਾਰ ਹੈ ਤੇ ਉਸ ਨੂੰ ਦਵਾਈ ਵਗੈਰਾ ਦਿਵਾ ਦੇਵੋ, ਫ਼ਿਰ ਮੈਂ ਆਪਣੇ ਕੁਝ ਨੇੜਲੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਗਿਆ ਤੇ ਰਮਨਦੀਪ ਕੌਰ ਨੂੰ ਪਿੰਡ ਪਿੱਥੋ ਲੈ ਆਏ। ਪਿੰਡ ਆ ਕੇ ਰਮਨਦੀਪ ਕੌਰ ਨੇ ਦੱਸਿਆ ਕਿ ਲਖਦੀਪ ਸਿੰਘ ਦਾਜ ਦੇ ਕਾਰਨ ਮੇਰੀ ਕੁੱਟਮਾਰ ਕਰ ਕੇ ਅਕਸਰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਰਕੇ ਮੈਂ ਸਪਰੇਅ ਪੀ ਲਈ ਹੈ, ਤਾਂ ਅਸੀ ਉਸ ਨੂੰ ਤੁਰੰਤ ਰਾਮਪੁਰਾ ਦੇ ਨਿੱਜੀ ਹਸਪਤਾਲ ਲੈ ਗਏ ਤੇ ਇਲਾਜ ਕਰਵਾ ਕੇ ਘਰ ਆ ਗਏ, ਪਰੰਤੂ ਦੂਜੇ ਦਿਨ 27 ਅਗਸਤ ਨੂੰ ਉਸ ਦੀ ਹਾਲਤ ਫ਼ਿਰ ਖ਼ਰਾਬ ਹੋ ਗਈ ਤਾਂ ਅਸੀ ਗੁਰੂ ਰਾਮਦਾਸ ਹਸਪਤਾਲ ਬਠਿੰਡਾ ਦਾਖਿਲ ਕਰਵਾ ਦਿੱਤਾ, ਜਿਥੋਂ 28 ਅਗਸਤ ਨੂੰ ਉਸ ਨੂੰ ਰੈਫਰ ਕਰ ਦਿੱਤਾ ਤੇ ਅਸੀ ਉਸ ਨੂੰ ਭੁੱਚੋ (ਬਠਿੰਡਾ) ਦੇ ਹਸਪਤਾਲ ਦਾਖ਼ਲ ਕਰਵਾ ਦਿੱਤਾ। ਜਿਥੇ ਕਈ ਦਿਨਾਂ ਦੇ ਇਲਾਜ ਤੋਂ ਬਾਅਦ 6 ਸਤੰਬਰ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਜਗਸੀਰ ਸਿੰਘ ਨੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਦੀ ਭੈਣ ਦੀ ਮੌਤ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਕਰਕੇ ਹੀ ਹੋਈ ਹੈ। ਤਫਤੀਸ਼ੀ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਮਨਦੀਪ ਕੌਰ ਦਾ ਉਸ ਦੇ ਪਤੀ ਲਖਦੀਪ ਸਿੰਘ ਨਾਲ ਘਰੇਲੂ ਝਗੜਾ ਚੱਲਦਾ ਰਹਿੰਦਾ ਸੀ, ਜਿਸ ਕਰਕੇ ਉਸ ਨੇ ਦਵਾਈ ਪੀ ਲਈ ਸੀ। ਪੁਲਿਸ ਨੇ ਉਸ ਦੇ ਭਰਾ ਜਗਸੀਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਲਖਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।