ਸਿਵਲ ਹਸਪਤਾਲ ਅਜਨਾਲਾ ਚ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ, ਤਿੰਨ ਘੰਟੇ ਓ.ਪੀ.ਡੀ ਸੇਵਾਵਾਂ ਰੱਖੀਆਂ ਠੱਪ
ਅਜਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਅੱਜ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਤਿੰਨ ਘੰਟੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਹੜਤਾਲ ਕੀਤੀ ਗਈ ਹੈ। ਇਸੇ ਦੇ ਚਲਦਿਆਂ ਹੀ ਸਿਵਲ ਹਸਪਤਾਲ ਅਜਨਾਲਾ ਵਿਖੇ ਵੀ ਡਾਕਟਰਾਂ ਵਲੋਂ ਹੜਤਾਲ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਡਾ: ਹਰਮਨਦੀਪ ਕੌਰ ਸਮੇਤ ਹੋਰਨਾਂ ਡਾਕਟਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ, ਪਰ ਸਰਕਾਰ ਵਲੋਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਸਾਨੂੰ ਮਜਬੂਰਨ ਤਿੰਨ ਘੰਟੇ ਲਈ ਓ.ਪੀ.ਡੀ. ਸੇਵਾਵਾਂ ਠੱਪ ਰੱਖਣੀਆਂ ਪਈਆਂ ਹਨ ਅਤੇ 11 ਸਤੰਬਰ ਤੱਕ ਇਸੇ ਤਰ੍ਹਾਂ ਹੀ ਤਿੰਨ ਘੰਟੇ ਓ.ਪੀ.ਡੀ. ਸੇਵਾਵਾਂ ਠੱਪ ਰੱਖ ਕੇ ਹੜਤਾਲ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲਗਭਗ ਡਾਕਟਰਾਂ ਦੀਆਂ 2800 ਪੋਸਟਾਂ ਖਾਲੀ ਹਨ, ਪਰ ਸਰਕਾਰ ਵਲੋਂ ਪੋਸਟਾਂ ਭਰੀਆਂ ਨਹੀਂ ਜਾ ਰਹੀਆਂ ਤੇ ਜੇਕਰ ਹਸਪਤਾਲ ਵਿਚ ਡਾਕਟਰ ਹੀ ਨਹੀਂ ਹੋਣਗੇ ਤਾਂ ਲੋਕਾਂ ਦਾ ਇਲਾਜ ਕਿਵੇਂ ਕੀਤਾ ਜਾ ਸਕੇਗਾ।