ਮੋਬਾਈਲ ਖੋਹਣ 'ਤੇ ਕੁੜੀ ਨੂੰ ਜ਼ਖਮੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਜਲੰਧਰ, 9 ਸਤੰਬਰ (ਮਨਜੋਤ ਸਿੰਘ)-ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ ਇਕ ਲੜਕੀ ਨੂੰ ਲੁੱਟ-ਖੋਹ ਤੋਂ ਬਾਅਦ ਸੜਕ 'ਤੇ ਘਸੀਟਣ ਦੇ ਮਾਮਲੇ ਵਿਚ 3 ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾਅ ਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਕਸ਼ਮੀ ਵਾਸੀ ਪਰਾਗੀ ਲਾਲ ਵਾਸੀ ਨੰਬਰ 75/03 ਗਾਰਡਨ ਕਾਲੋਨੀ ਜਲੰਧਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸਦੀ ਭੈਣ ਕੰਮ ਤੋਂ ਵਾਪਸ ਆ ਰਹੇ ਸਨ। ਸ਼ਿਕਾਇਤਕਰਤਾ ਨੇ ਆਖਿਆ ਕਿ ਜਦੋਂ ਉਹ ਘਰ ਦੇ ਅੰਦਰ ਜਾ ਰਹੀ ਸੀ ਤਾਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਸਾਹਮਣੇ ਮੋਟਰਸਾਈਕਲ ਰੋਕ ਲਿਆ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਫਰਾਰ ਹੋਣ ਲੱਗੇ। ਲਕਸ਼ਮੀ ਨੇ ਬਾਈਕ 'ਤੇ ਪਿੱਛੇ ਬੈਠੇ ਲੜਕੇ ਨੂੰ ਫੜ੍ਹ ਲਿਆ ਪਰ ਮੋਟਰਸਾਈਕਲ ਸਵਾਰ ਉਸ ਨੂੰ ਕਾਫੀ ਦੂਰ ਤੱਕ ਘਸੀਟ ਕੇ ਲੈ ਗਏ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਮੁਲਜ਼ਮਾਂ ਦੀ ਪਛਾਣ ਪਵਨਪ੍ਰੀਤ ਸਿੰਘ ਉਰਫ਼ ਬੱਗਾ ਪੁੱਤਰ ਜਸਵੰਤ ਸਿੰਘ ਵਾਸੀ ਮੁਹੱਲਾ ਨੰ. 573 ਲਤੀਫਪੁਰਾ ਜਲੰਧਰ, ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੰ. 6 ਏਕਤਾ ਵਿਹਾਰ ਨੇੜੇ ਕੁੱਕੀ ਢਾਬ ਵਿਖੇ ਮੌਜੂਦਾ ਐਚ. 1490 ਅਰਬਨ ਅਸਟੇਟ ਫੇਜ਼ 2, ਜਲੰਧਰ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਾਸੀ ਨੰਬਰ 1490 ਅਰਬਨ ਅਸਟੇਟ ਫੇਜ਼ ਵਜੋਂ ਹੋਈ ਹੈ।