ਢਾਣੀ ਫੂਲਾ ਸਿੰਘ ’ਚ ਚਲਦੀ ਨਾਜਾਇਜ਼ ਮਾਈਨਿੰਗ ਕਾਰਨ ਚਰਚਾ ’ਚ ਆਇਆ ਜਲਾਲਾਬਾਦ ਦਾ ਡੀ.ਐਸ.ਪੀ ਦਫ਼ਤਰ
ਮੰਡੀ ਘੁਬਾਇਆ,ਜਲਾਲਾਬਾਦ, 11 ਸਤੰਬਰ (ਅਮਨ ਬਵੇਜਾ/ਕਰਨ ਚੁਚਰਾ)- ਸਬ ਡਿਵੀਜ਼ਨ ਜਲਾਲਾਬਾਦ ’ਚ ਪੈਂਦੇ ਪਿੰਡ ਢਾਣੀ ਫੂਲਾ ਸਿੰਘ ’ਚ ਚਲਦੀ ਨੇ ਨਾਜਾਇਜ਼ ਮਾਈਨਿੰਗ ਕਾਰਨ ਸਬ ਡਵੀਜ਼ਨ ਜਲਾਲਾਬਾਦ ਦਾ ਡੀ.ਐਸ.ਪੀ. ਦਫਤਰ ਸਵਾਲਾਂ ਦੇ ਘੇਰੇ ਵਿਚ ਆਇਆ ਹੈ, ਕਿਉਂਕਿ ਚਲਦੀ ਨਜਾਇਜ਼ ਮਾਈਨਿੰਗ ਦੀ ਇਤਲਾਹ ਮਿਲਣ ਤੇ ਪੱਤਰਕਾਰਾਂ ਵੱਲੋਂ ਮੌਕੇ ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਤਾਂ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਦਫ਼ਤਰ ਜਲਾਲਾਬਾਦ ਦੇ ਕੁਝ ਮੁਲਾਜ਼ਮਾਂ ਵਲੋਂ ਪੈਸਿਆਂ ਦੇ ਬਦਲੇ ਇਹ ਮਾਈਨਿੰਗ ਕਰਵਾਈ ਜਾਂਦੀ ਹੈ ਅਤੇ ਜੇਕਰ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਪੁਲਿਸ ਵਲੋਂ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵੀ ਸਦਰ ਥਾਣਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਸੁਖੇਰਾ ਬੋਦਲਾ ਵਿਚ ਚਲਦੀ ਨਾਜਾਇਜ਼ ਮਾਈਨਿੰਗ ਕਾਰਨ ਸਥਾਨਕ ਪੁਲਿਸ ’ਤੇ ਸਵਾਲ ਉੱਠੇ ਸਨ। ਜਦੋਂ ਇਸ ਸੰਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਇਸ ਸੰਬੰਧੀ ਉਨ੍ਹਾਂ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਲਾਲਾਬਾਦ ਦੇ ਡੀ.ਐਸ.ਪੀ. ਜਤਿੰਦਰ ਸਿੰਘ ਨੇ ਕਿਹਾ ਕਿ ਥਾਣਾ ਸਦਰ ਜਲਾਲਾਬਾਦ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਹੀ ਉਕਤ ਵਿਅਕਤੀਆਂ ਵਲੋਂ ਸਾਡੇ ’ਤੇ ਇਲਜ਼ਾਮ ਲਗਾਏ ਗਏ ਹਨ ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਕਾਰਵਾਈ ਸਦਰ ਥਾਣਾ ਵਲੋਂ ਕੀਤੀ ਗਈ ਹੈ ਤਾਂ ਫਿਰ ਇਲਜਾਮ ਤੁਹਾਡੇ ਦਫ਼ਤਰ ਦੇ ਮੁਲਾਜ਼ਮਾਂ ’ਤੇ ਕਿਉਂ ਲੱਗੇ ਤਾਂ ਉਹ ਤਲਖੀ ਵਿਚ ਆ ਗਏ ਅਤੇ ਸਵਾਲ ਦਾ ਜਵਾਬ ਦੇਣ ਤੋਂ ਭੱਜਦੇ ਨਜ਼ਰ ਆਏ।