ਹਿਮਾਚਲ ਪ੍ਰਦੇਸ਼: ਸੰਜੌਲੀ ’ਚ ਹਿੰਦੂ ਸੰਗਠਨਾਂ ਦਾ ਵੱਡਾ ਪ੍ਰਦਰਸ਼ਨ
ਸ਼ਿਮਲਾ, 11 ਸਤੰਬਰ- ਅੱਜ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਗੈਰ-ਕਾਨੂੰਨੀ ਮਸਜਿਦ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨ ਸੜਕਾਂ ’ਤੇ ਉਤਰ ਆਏ ਹਨ। ਹਿੰਦੂ ਸੰਗਠਨ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਮੰਗ ਕਰ ਰਹੇ ਹਨ। ਸ਼ਿਮਲਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਜੌਲੀ ਪਹੁੰਚਣ ਤੋਂ ਰੋਕਣ ਲਈ ਵੱਖ-ਵੱਖ ਥਾਵਾਂ ’ਤੇ ਬੈਰੀਕੇਡ ਲਗਾ ਦਿੱਤੇ। ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ। ਸ਼ਿਮਲਾ ਦੀ ਧਾਲੀ ਸਬਜ਼ੀ ਮੰਡੀ ਅਤੇ ਸੁਰੰਗ ਵਿਚਕਾਰ ਸੈਂਕੜੇ ਪ੍ਰਦਰਸ਼ਨਕਾਰੀ ਮੌਜੂਦ ਹਨ। ਮਸਜਿਦ ਨੂੰ ਜਾਣ ਦਾ ਰਸਤਾ ਵੀ ਇਸ ਸੁਰੰਗ ਰਾਹੀਂ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਹੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਜਿਸ ਕਾਰਨ ਸੰਜੌਲੀ-ਧਾਲੀ ਸੜਕ ’ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਸੰਜੌਲੀ ਵਿਚ ਪੁਲਿਸ ਨੇ ਹਿੰਦੂ ਜਾਗਰਣ ਮੰਚ ਦੇ ਆਗੂ ਕਮਲ ਗੌਤਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਇਕ ਦਰਜਨ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਡਰੋਨ ਦੇ ਜ਼ਰੀਏ ਇਲਾਕੇ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਨਾਲ ਹੀ ਢਾਲੀ ਸੁਰੰਗ ਨੇੜੇ ਆਵਾਜਾਈ ਰੋਕ ਦਿੱਤੀ ਗਈ ਹੈ।