ਪੰਜਾਬ ’ਚ ਬਿਜਲੀ ਮੁਲਾਜ਼ਮਾਂ ਵਲੋਂ ਹੜਤਾਲ ਵਿਚ 5 ਦਿਨਾਂ ਦਾ ਹੋਰ ਵਾਧਾ
ਲਹਿਰਾ ਮੁਹੱਬਤ, 12 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪੰਜਾਬ ਰਾਜ ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ 10 ਸਤੰਬਰ ਤੋਂ ਚੱਲ ਰਹੀ 3 ਰੋਜ਼ਾ ਸਮੂਹਿਕ ਛੁੱਟੀ ਲੈ ਕੇ ਕੀਤੀ ਹੜਤਾਲ ਵਿਚ ਜੱਥੇਬੰਦੀ ਆਗੂਆਂ ਨੇ 5 ਦਿਨਾਂ ਦੇ ਹੋਰ ਵਾਧੇ ਦਾ ਐਲਾਨ ਕੀਤਾ ਹੈ। ਇਸ ਸੰਬੰਧੀਂ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ ਮੁਲਾਜ਼ਮ ਆਗੂ ਬਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨਜਮੈਂਟ ਦੀ ਮੁਲਾਜ਼ਮ ਮਾਰੂ ਨੀਤੀ ਤੇ 3 ਰੋਜ਼ਾ ਹੜਤਾਲ ਦੌਰਾਨ ਭਰਵੀਂ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀ. ਐਸ. ਈ. ਬੀ. ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੀ ਮੀਟਿੰਗ ਅੱਜ ਰਤਨ ਸਿੰਘ ਮਜਾਰੀ ਅਤੇ ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਜੱਥੇਬੰਦੀ ਦੇ ਫੈਸਲੇ ਤਹਿਤ 13 ਤੋਂ 17 ਸਤੰਬਰ ਤੱਕ (5 ਦਿਨਾਂ ) ਲਈ ਸਮੂਹਿਕ ਛੁੱਟੀ ਭਰ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ 17 ਸਤੰਬਰ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਵਰਕ ਟੂ ਰੂਲ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਕਾਲੇ ਝੰਡੇ ਦਿਖਾਏ ਜਾਣਗੇ। ਕਿਸੇ ਵੀ ਕਰਮਚਾਰੀ ਨੂੰ ਇਸ ਸੰਘਰਸ਼ ਪ੍ਰੋਗਰਾਮ ਤੋਂ ਕੋਈ ਛੋਟ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਭਰਾਤਰੀ ਜਥੇਬੰਦੀਆਂ ਨੂੰ ਵੀ ਸੰਘਰਸ਼ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।