JALANDHAR WEATHER

ਪਾਕਿ 'ਚ ਮਨਾਈ ਗਈ ਸਾਰਾਗੜ੍ਹੀ ਦੇ ਸ਼ਹੀਦਾਂ ਦੀ 127ਵੀਂ ਬਰਸੀ

ਅੰਮ੍ਰਿਤਸਰ, 12 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਕਬਾਇਲੀ ਜ਼ਿਲ੍ਹਾ ਹੰਗੂ 'ਚ ਕਿਲ੍ਹਾ ਸਾਰਾਗੜ੍ਹੀ ਵਿਖੇ ਕਬਾਇਲੀ ਪਠਾਣਾਂ ਨਾਲ ਜੰਗ 'ਚ ਸ਼ਹੀਦ ਹੋਏ 21 ਸਿੱਖ ਫ਼ੌਜੀਆਂ ਦੀ 127ਵੀਂ ਸ਼ਹੀਦੀ ਬਰਸੀ ਅੱਜ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ ਹੰਗੂ ਵਿਖੇ ਮਨਾਈ ਗਈ। ਗੁਰਦੁਆਰਾ ਸਾਹਿਬ ਵਿਖੇ ਕਿਲ੍ਹਾ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਵੀ ਸਜਾਏ ਗਏ। ਸ੍ਰੀ ਸਿੰਘ ਸਭਾ ਹੰਗੂ ਦੇ ਪ੍ਰਧਾਨ ਸ. ਸੰਨ੍ਹੀ ਸਿੰਘ ਖ਼ਾਲਸਾ ਨੇ ਹੰਗੂ ਤੋਂ 'ਅਜੀਤ' ਨਾਲ ਫ਼ੋਨ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਪਿਸ਼ਾਵਰ ਤੋਂ ਪਹੁੰਚੇ ਭਾਈ ਦਲੀਪ ਸਿੰਘ ਅਤੇ ਸਿੰਧ ਦੇ ਡਹਿਰਕੀ ਤੋਂ ਭਾਈ ਰਾਹੁਲ ਸਿੰਘ ਦੇ ਕੀਰਤਨੀ ਜਥਿਆਂ ਦੁਆਰਾ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗ੍ਰੰਥੀ ਭਾਈ ਹਰਮਿੰਦਰ ਸਿੰਘ, ਰਵੀ ਸਿੰਘ, ਧੰਨਰਾਜ ਸਿੰਘ, ਫ਼ਰੀਦ ਸਿੰਘ, ਕੁੰਦਨ ਸਿੰਘ, ਹਰਨਾਮ ਸਿੰਘ ਆਦਿ ਹਾਜ਼ਰ ਸਨ। ਧਾਰਮਿਕ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਸਿੰਘ ਸਭਾ ਹੰਗੂ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਬਦਲਣ ਦੀ ਸੇਵਾ ਹਾਜ਼ਰ ਸੰਗਤ ਵਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਪੂਰਨ ਸਿੱਖ ਮਰਿਆਦਾ ਨਾਲ ਕੀਤੀ ਗਈ।
ਸਮਾਗਮ ਦੌਰਾਨ ਹਾਜ਼ਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਲ੍ਹਾ ਸਾਰਾਗੜ੍ਹੀ ਦੀ ਬੁਰਜੀ ਦੀ ਮੁਰੰਮਤ ਕਰਵਾ ਕੇ ਉਸ 'ਤੇ 21 ਸਿੱਖ ਬਹਾਦਰ ਫ਼ੌਜੀਆਂ ਦੇ ਨਾਂ ਨਵੇਂ ਸਿਰਿਓਂ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਹੌਲਦਾਰ ਸ. ਈਸ਼ਰ ਸਿੰਘ ਦੀ ਕਮਾਂਡ ਹੇਠ ਉਕਤ 20 ਸਿੱਖ ਸਿਪਾਹੀ ਅੰਗਰੇਜ਼ ਹਕੂਮਤ ਵਿਰੁੱਧ ਸ਼ੁਰੂ ਹੋਏ ਵਿਰੋਧ ਦੇ ਚੱਲਦਿਆਂ ਲਗਭਗ 11 ਹਜ਼ਾਰ ਹਥਿਆਰਬੰਦ ਕਬਾਇਲੀ ਪਠਾਣਾਂ ਨਾਲ ਉਸ ਵਕਤ ਤਕ ਪੂਰੀ ਬਹਾਦਰੀ ਨਾਲ ਜੂਝਦੇ ਰਹੇ, ਜਦੋਂ ਤੱਕ ਉਨ੍ਹਾਂ ਕੋਲ ਗੋਲੀ ਸਿੱਕਾ ਖ਼ਤਮ ਨਹੀਂ ਹੋ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ