ਡਾ.ਓਬਰਾਏ ਦੇ ਯਤਨਾਂ ਸਦਕਾ ਕਪੂਰਥਲਾ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਪੁੱਜਾ ਭਾਰਤ
ਰਾਜਾਸਾਂਸੀ ,13 ਸਤੰਬਰ (ਹਰਦੀਪ ਸਿੰਘ ਖੀਵਾ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਕਪੂਰਥਲਾ ਜ਼ਿਲ੍ਹੇ ਦੇ ਕਸਬਾ ਸਿੱਧਵਾਂ ਦੋਨਾਂ ਨੇੜਲੇ ਪਿੰਡ ਥਿਗਲੀ ਨਾਲ ਸੰਬੰਧਿਤ 33 ਸਾਲਾ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਮਿ੍ਰਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਬਜ਼ੁਰਗ ਮਾਪਿਆਂ ਦਾ ਇੱਕਲੌਤਾ ਸਹਾਰਾ ਜਗਬੀਰ ਸਿੰਘ, ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕਰੀਬ 5 ਸਾਲ ਪਹਿਲਾਂ ਦੁਬਈ ਆਇਆ ਸੀ ਕਿ ਬੀਤੀ 1 ਅਗਸਤ ਨੂੰ ਅਚਾਨਕ ਦਿਮਾਗ ਦੀ ਨਾੜੀ ਫੱਟ ਜਾਣ ਕਾਰਨ ਉਸ ਦੀ ਮੌਤ ਹੋ ਗਈ। ਡਾ.ਓਬਰਾਏ ਨੇ ਦੱਸਿਆ ਕਿ ਇਸ ਕੇਸ ਦੀ ਜਾਣਕਾਰੀ ਮਿਲਣ ਉਪਰੰਤ ਉਨ੍ਹਾਂ ਦੀ ਟੀਮ ਵਲੋਂ ਜਗਬੀਰ ਸਿੰਘ ਦੀ ਮ੍ਰਿਤਕ ਦੇ ਭਾਰਤ ਭੇਜਣ ਲਈ ਲੋੜੀਂਦੀ ਸਮੁੱਚੀ ਕਾਗਜ਼ੀ ਕਾਰਵਾਈ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਮੁਕੰਮਲ ਕੀਤੀ ਗਈ ਜਦ ਕਿ ਉਸ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ, ਉਸ ਦੀ ਕੰਮ ਵਾਲੀ ਕੰਪਨੀ ਭਵਾਨੀਗੜ੍ਹ ਟਰਾਂਸਪੋਰਟ ਦੇ ਮਾਲਕ ਜਤਿੰਦਰਪਾਲ ਸਿੰਘ ਤੇ ਮਨਜੀਤ ਸਿੰਘ ਵਲੋਂ ਕੀਤਾ ਗਿਆ ਹੈ। ਇਸ ਦੌਰਾਨ ਹਵਾਈ ਅੱਡੇ ’ਤੇ ਮ੍ਰਿਤਕ ਦੇਹ ਲੈਣ ਪਹੁੰਚੇ ਜਗਬੀਰ ਸਿੰਘ ਦੇ ਪਿਤਾ ਬਲਕਾਰ ਸਿੰਘ, ਭਰਾ ਹਰਪਾਲ ਸਿੰਘ, ਨਵਜੀਤ ਸਿੰਘ ਆਦਿ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਸ਼ੁਕਰਾਨਾ ਕੀਤਾ।