ਕਾਂਗਰਸੀ ਆਗੂ ਵਲੋਂ ਸਿੱਖਾਂ ਬਾਰੇ ਦਿੱਤੇ ਬਿਆਨ ਨੂੰ ਅਣਗੌਲਿਆ ਨਹੀਂ ਜਾ ਸਕਦਾ - ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਲੋਂ ਅਮਰੀਕਾ ’ਚ ਸਿੱਖਾਂ ਬਾਰੇ ਦਿੱਤੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਬਿਆਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਿਛਲੇ ਦਿਨਾਂ ’ਚ ਹੀ ਜਿੱਥੇ ਰਾਜਸਥਾਨ ਦੇ ਜੋਧਪੁਰ ’ਚ ਇਕ ਪ੍ਰੀਖਿਆ ਤੋਂ ਪਹਿਲਾਂ ਸਿੱਖ ਵਿਦਿਆਰਥੀਆਂ ਦੇ ਕਕਾਰ ਲੁਹਾਏ ਗਏ, ਉਥੇ ਲੋਕ ਸਭਾ ਚੋਣਾਂ ਮੌਕੇ ਗੰਗਾਨਗਰ ’ਚ ਤਾਂ ਬਕਾਇਦਾ ਚੋਣ ਅਧਿਕਾਰੀਆਂ ਨੇ ਇਹ ਹਦਾਇਤ ਕੀਤੀ ਕਿ ਕੋਈ ਵੀ ਸਿੱਖ ਕਕਾਰ ਪਾ ਕੇ ਵੋਟ ਨਹੀਂ ਪਾ ਸਕੇਗਾ। ਸਿੰਘ ਸਾਹਿਬ ਨੇ ਕਿਹਾ ਕਿ ਘੱਟ ਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ ਇਹ ਧੱਕਾ ਅੱਜ ਤੋਂ ਨਹੀਂ ਪਿਛਲੇ ਲੰਬੇ ਸਮੇਂ ਤੋਂ ਹੁੰਦਾ ਆ ਰਿਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੂਨ 84 ’ਚ ਹਮਲਾ ਅਤੇ ਦਿੱਲੀ ਸਿੱਖ ਕਤਲ-ਏ-ਆਮ ਵੀ ਉਸੇ ਕੜੀ ਦਾ ਹਿੱਸਾ ਸਨ। ਉਨ੍ਹਾਂ ਇਹ ਵੀ ਕਿਹਾ ਕਿ ਰਾਜਸੀ ਆਗੂਆਂ ਦਾ ਸੱਤਾ ਵਿਚ ਰਹਿਣ ਦੌਰਾਨ ਅਤੇ ਸੱਤਾ ਤੋਂ ਬਾਹਰ ਆਉਣ ’ਤੇ ਸਿੱਖਾਂ ਪ੍ਰਤੀ ਅਲੱਗ ਅਲੱਗ ਨਜ਼ਰੀਆ ਹੁੰਦਾ ਹੈ।