ਅੱਧਾ ਕਿਲੋ ਅਫੀਮ ਸਮੇਤ ਨੌਜਵਾਨ ਕਾਬੂ
ਸੰਗਤ ਮੰਡੀ, 5 ਅਗਸਤ (ਦੀਪਕ ਸ਼ਰਮਾ)-ਹਰਿਆਣਾ ਦੀ ਹੱਦ ਉਤੇ ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ਪਥਰਾਲਾ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਇਕ ਨੌਜਵਾਨ ਪਾਸੋਂ 500 ਗ੍ਰਾਮ ਅਫੀਮ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਪਿੰਡ ਪਥਰਾਲਾ ਤੋਂ ਪਿੰਡ ਜੋਗੇਵਾਲਾ ਨੂੰ ਜਾਂਦੇ ਕੱਚੇ ਰਸਤੇ ਉਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ। ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਉਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਅੱਧਾ ਕਿਲੋ ਅਫੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਭਿੱਖੀ ਜ਼ਿਲ੍ਹਾ ਮਾਨਸਾ ਦੇ ਤੌਰ ਉਤੇ ਹੋਈ ਹੈ, ਜਿਸ ਖਿਲਾਫ ਥਾਣਾ ਸੰਗਤ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ।