ਪੈਰਿਸ ਵਿਖੇ ਖੇਡ ਮੁਕਾਬਲਿਆਂ 'ਚ ਮਲੇਰਕੋਟਲਾ ਦਾ ਖਿਡਾਰੀ ਮੁਹੰਮਦ ਯਾਸਰ ਭਾਰਤ ਦੀ ਕਰੇਗਾ ਨੁਮਾਇੰਦਗੀ
ਮਲੇਰਕੋਟਲਾ, 5 ਅਗਸਤ (ਮੁਹੰਮਦ ਹਨੀਫ਼ ਥਿੰਦ)-ਪੈਰਾ ਉਲੰਪਿਕ 2024 ਦਾ ਆਗਾਜ਼ ਪੈਰਿਸ ਵਿਖੇ ਹੋਣ ਜਾ ਰਿਹਾ ਹੈ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਰੀਬ 84 ਖਿਡਾਰੀ ਇਨ੍ਹਾਂ ਖੇਡਾਂ 'ਚ ਹਿੱਸਾ ਲੈਣ ਜਾ ਰਹੇ ਹਨ। 2024 ਦੀਆਂ ਪੈਰਾ ਉਲੰਪਿਕ ਖੇਡਾਂ 28 ਅਗਸਤ 2024 ਤੋਂ 8 ਸਤੰਬਰ ਤੱਕ ਪੈਰਿਸ ਵਿਖੇ ਹੋਣ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਭਾਰਤ ਦੇ 52 ਪੁਰਸ਼ ਖਿਡਾਰੀ ਅਤੇ 32 ਮਹਿਲਾ ਖਿਡਾਰੀ ਵੱਖ-ਵੱਖ ਖੇਡਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਜਾ ਰਹੇ ਹਨ। ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਦਾ ਮਾਣ ਜ਼ਿਲ੍ਹਾ ਮਾਲੇਰਕੋਟਲਾ ਦੇ ਖਿਡਾਰੀ ਮੁਹੰਮਦ ਯਾਸਰ ਨੂੰ ਐਥਲੈਟਿਕਸ ਐਫ.46 ਕੈਟਾਗਰੀ ਸ਼ਾਟਪੁੱਟ ਵਿਚ ਦੇਸ਼ ਲਈ ਤਮਗਿਆਂ ਲਈ ਜ਼ੋਰ-ਅਜ਼ਮਾਇਸ਼ ਕਰਨ ਦਾ ਮੌਕਾ ਮਿਲਿਆ ਹੈ।