10 ਅਕਤੂਬਰ ਤੱਕ ਖੁੱਲ੍ਹੀ ਰਹੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ
ਦਸੂਹਾ, 15 ਸਤੰਬਰ (ਭੁੱਲਰ) - ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕਿਹਾ ਉੱਤਰਾਖੰਡ ਵਿਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀ ਇਹ ਯਾਤਰਾ 10 ਅਕਤੂਬਰ ਤੱਕ ਖੁੱਲ੍ਹੀ ਰਹੇਗੀ। ਇਸ ਲਈ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਸ੍ਰੀ ਹੇਮਕੁੰਟ ਸਾਹਿਬ ਦੇ ਇਲਾਹੀ ਦਰਸ਼ਨਾਂ ਦਾ ਆਨੰਦ ਲੈਣ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਅਦੁੱਤੀ ਅਤੇ ਬ੍ਰਹਮ ਝਲਕ ਦੇਖਣ ਨੂੰ ਮਿਲਦੀ ਹੈ। ਸਿੱਖਾਂ ਦਾ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਇਸ ਸਮੇਂ ਆਪਣੀ ਵਿਲੱਖਣ ਅਤੇ ਇਲਾਹੀ ਸੁੰਦਰਤਾ ਨਾਲ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ। ਸੂਰਜ ਚੜ੍ਹਨ ਵੇਲੇ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਇਸ ਪਵਿੱਤਰ ਅਸਥਾਨ 'ਤੇ ਪੈਂਦੀਆਂ ਹਨ, ਤਾਂ ਇਹ ਨਜ਼ਾਰਾ ਮਨਮੋਹਕ ਹੁੰਦਾ ਹੈ। ਉੱਪਰ ਬਰਫ਼ ਨਾਲ ਢੱਕੇ ਪਹਾੜ ਅਤੇ ਆਲੇ-ਦੁਆਲੇ ਦੀ ਹਰਿਆਲੀ ਇਸ ਥਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਇਹ ਦ੍ਰਿਸ਼ ਇੰਨਾ ਵਿਲੱਖਣ ਹੈ ਕਿ ਇਹ ਸੈਲਾਨੀਆਂ ਨੂੰ ਆਤਮਿਕ ਆਨੰਦ ਅਤੇ ਸ਼ਾਂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਅਸੀਂ ਸਾਰੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਅਤੇ ਇਸ ਦੀ ਵਿਲੱਖਣ ਸੁੰਦਰਤਾ ਦਾ ਆਨੰਦ ਲੈਣ ਦੀ ਬੇਨਤੀ ਕਰਦੇ ਹਾਂ।