ਹੇਮਕੁੰਟ ਸਾਹਿਬ ਜਾ ਰਹੇ ਨੌਜਵਾਨਾਂ ’ਤੇ ਬੇਕਾਬੂ ਕਾਰ ਚੜ੍ਹਨ ਕਾਰਨ 2 ਨੌਜਵਾਨਾਂ ਦੀ ਮੌਤ
                  
ਫਗਵਾੜਾ, 15 ਸਤੰਬਰ (ਹਰਜੋਤ ਸਿੰਘ ਚਾਨਾ)-ਅੱਜ ਇਥੇ ਜਲੰਧਰ-ਫਗਵਾੜਾ ਕੌਮੀ ਮਾਰਗ ’ਤੇ ਹੇਮਕੁੰਟ ਸਾਹਿਬ ਲਈ ਜਾ ਰਹੇ ਨੌਜਵਾਨਾਂ ’ਤੇ ਬੇਕਾਬੂ ਤੇਜ਼ ਰਫ਼ਤਾਰੀ ਕਾਰ ਚੜ੍ਹਨ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਹਰਮਨਦੀਪ ਸਿੰਘ (33) ਪੁੱਤਰ ਅਵਤਾਰ ਸਿੰਘ ਵਾਸੀ ਕਿਸ਼ਨ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਐਸ.ਐਚ.ਓ ਸਦਰ ਅਮਨਦੀਪ ਨਾਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਜਨ ਭਾਟੀਆ ਤੇ ਇਨ੍ਹਾਂ ਦੇ ਸਾਥੀ 2 ਗੱਡੀਆਂ ’ਚ ਸਵਾਰ ਹੋ ਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਸਵੇਰੇ ਨਿਕਲੇ ਸਨ ਤੇ ਇਕ ਗੱਡੀ ’ਚ ਸ਼ੁਭਕਰਮਨ ਸਿੰਘ, ਨਰਿੰਦਰ ਸਿੰਘ, ਹਰਮਨਦੀਪ ਸਵਾਰ ਸਨ ਤੇ ਕਾਰ ਨੂੰ ਹਰਮਨਦੀਪ ਸਿੰਘ ਉਰਫ਼ ਦਮਨ ਚਲਾ ਰਿਹਾ ਸੀ।
ਜਦੋਂ ਇਹ ਲਵਲੀ ਯੂਨੀਵਰਸਿਟੀ ਤੋਂ ਅੱਗੇ ਰੇਲਵੇ ਪੁਲ ਲੰਘੇ ਤਾਂ ਇਨ੍ਹਾਂ ਦੀ ਕਾਰ ਪੰਕਚਰ ਹੋ ਗਈ ਤੇ ਉਨ੍ਹਾਂ ਗੱਡੀ ਸਾਈਡ ਉਤੇ ਰੋਕ ਲਈ ਤੇ ਜਦੋਂ ਕਾਰ ਦਾ ਟਾਇਰ ਬਦਲ ਕੇ ਆਪਣੀ ਕਾਰ ’ਚ ਸਵਾਰ ਹੋਣ ਲੱਗੇ ਤਾਂ ਡਰਾਈਵਰ ਹਰਮਨਦੀਪ ਸਿੰਘ ਤੇ ਨਰਿੰਦਰ ਸਿੰਘ ਦੋਵੇਂ ਡਰਾਈਵਰ ਸਾਈਡ ਤੋਂ ਆਪਣੀ ਸੀਟ ਉਤੇ ਬੈਠਣ ਲੱਗੇ ਤਾਂ ਪਿੱਛੋਂ ਇਕ ਕਾਰ ਤੇਜ਼ੀ ਨਾਲ ਆਈ ਜਿਨ੍ਹਾਂ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਹਰਮਨਦੀਪ ਸਿੰਘ ਤੇ ਨਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਲਿਜਾਂਦੇ ਸਮੇਂ ਰਸਤੇ ’ਚ ਮੌਤ ਹੋ ਗਈ। ਐਸ. ਐਚ. ਓ. ਨੇ ਦੱਸਿਆ ਕਿ ਸਦਰ ਪੁਲਿਸ ਵਲੋਂ ਇਸ ਸੰਬੰਧ ’ਚ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮ ਕਾਲੋਨੀ ਹੁਸ਼ਿਆਰਪੁਰ ਤੇ ਮੁਕੇਸ਼ ਚੌਧਰੀ ਪੁੱਤਰ ਅਰਵਿੰਦਰ ਚੌਧਰੀ ਵਾਸੀ ਪੂਰਹੀਰਾ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕਰਕੇ ਦੋਵੇਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰ ਚਾਲਕਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਗੱਡੀ ’ਚੋਂ ਸ਼ਰਾਬ ਦੀ ਅੱਧੀ ਬੋਤਲ ਵੀ ਬਰਾਮਦ ਹੋਈ। 
        
    
    
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;        
                        
;