ਬਿਜਲੀ ਮੁਲਾਜ਼ਮਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਗੁਰੂਹਰਸਹਾਏ, 6 ਅਗਸਤ (ਕਪਿਲ ਕੰਧਾਰੀ)-ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝਾ ਮੋਰਚਾ ਦੇ ਸੱਦੇ ਉਤੇ ਗੁਰੂਹਰਸਹਾਏ ਦੇ ਸਮੂਹ ਮੁਲਾਜ਼ਮਾਂ ਵਲੋਂ ਸ/ਡਵੀਜ਼ਨ ਦਫ਼ਤਰ ਗੁਰੂਹਰਸਹਾਏ ਦੇ ਗੇਟ ਅੱਗੇ ਅਰਥੀ ਫੂਕ ਰੋਸ ਰੈਲੀ ਪ੍ਰਧਾਨ ਨਾਨਕ ਚੰਦ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਵਲੋਂ ਜੰਮ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਇੰਜੀ. ਸ਼ਿੰਗਾਰ ਮਹਿਰੋਕ ਅਤੇ ਸ/ਡਵੀਜ਼ਨ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਸਾਂਝੇ ਮੋਰਚੇ ਦੀ ਤਹਿ ਹੋਈ ਮੀਟਿੰਗ ਦੀ ਤਰੀਕ ਵਾਰ-ਵਾਰ ਬਦਲ ਕੇ ਅੱਗੇ ਪਾ ਦਿੱਤੀ ਗਈ ਹੈ, ਜਿਸ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ। ਆਗੂਆਂ ਨੇ ਦੱਸਿਆ ਕਿ ਠੇਕੇਦਾਰੀ ਮਾੜੇ ਸਿਸਟਮ ਕਰਕੇ ਲਗਾਤਾਰ ਹਾਦਸੇ ਵੱਧ ਰਹੇ ਹਨ ਅਤੇ ਬਿਜਲੀ ਕਾਮਿਆਂ ਦੀ ਕੀਮਤੀ ਜਾਨ ਇਨ੍ਹਾਂ ਹਾਦਸਿਆਂ ਕਰਕੇ ਜਾ ਰਹੀ ਹੈ। ਆਗੂਆਂ ਨੇ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਮੀਟਿੰਗ ਨਾ ਕੀਤੀ ਗਈ ਜਾਂ ਮੀਟਿੰਗ ਵਿਚ ਹੋਈਆਂ ਸਹਿਮਤੀਆਂ ਲਾਗੂ ਕਰਕੇ ਸਰਕੂਲਰ ਨਾ ਜਾਰੀ ਕੀਤੇ ਗਏ ਤਾਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।