ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਪਿਓ-ਧੀ ਦੀ ਮੌਤ
ਕਪੂਰਥਲਾ, 6 ਅਗਸਤ (ਅਮਨਜੋਤ ਸਿੰਘ ਵਾਲੀਆ)-ਪਿੰਡ ਸੀਚੇਵਾਲ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿਚ ਇਕ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ 2 ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਤਾਇਨਾਤ ਡਿਊਟੀ ਡਾਕਟਰ ਨੇ ਦੱਸਿਆ ਕਿ ਜਗਨਦੀਪ ਕੌਰ ਪਤਨੀ ਸੰਦੀਪ ਸਿੰਘ ਜੋ ਕਿ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਹ ਪਿੰਡ ਸੀਚੇਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਚਾਰੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ, ਜਿਥੇ ਸੰਦੀਪ ਸਿੰਘ ਤੇ ਉਸ ਦੀ 7 ਸਾਲਾ ਲੜਕੀ ਕੋਹਿਨੂਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਜਗਨਦੀਪ ਕੌਰ ਤੇ ਉਸ ਦੀ ਲੜਕੀ ਅਰਲੀਨ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸੰਬੰਧਿਤ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।