ਤਗਮਾ ਜੇਤੂ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦਾ ਪਿੰਡ ਖਲੈਹਿਰਾ 'ਚ ਨਿੱਘਾ ਸਵਾਗਤ
ਜੰਡਿਆਲਾ ਗੁਰੂ ,11 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਉਲੰਪਿਕ ਖੇਡਾਂ ਵਿਚ ਦੋ ਵਾਰ ਕਾਂਸੀ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਦਾ ਜਿੱਤਣ ਉਪਰੰਤ ਆਪਣੇ ਪਿੰਡ ਖਲੈਹਿਰਾ ਬਲਾਕ ਜੰਡਿਆਲਾ ਗੁਰੂ ਵਿਖੇ ਪਰਤਣ ਉਤੇ ਪਿੰਡ ਤੇ ਇਲਾਕਾ ਨਿਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਉਸ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਇਸ ਤੋਂ ਪਹਿਲਾਂ ਹਵਾਈ ਅੱਡਾ ਰੈਸਟੋਰੈਂਟ ਜੰਡਿਆਲਾ ਗੁਰੂ ਵਿਖੇ ਗੁਰਜੰਟ ਸਿੰਘ ਦਾ ਰੈਸਟੋਰੈਂਟ ਦੇ ਮਾਲਕ ਇਕਬਾਲ ਸਿੰਘ ਸੰਧੂ ਤਰਨਤਾਰਨ, ਗੁਰਮੀਤ ਸਿੰਘ ਕਲੇਰ ਅਤੇ ਹੋਰਾਂ ਨੇ ਨਿੱਘਾ ਸਵਾਗਤ ਕੀਤਾ। ਗੁਰਜੰਟ ਸਿੰਘ ਦੀ ਆਮਦ ਉਤੇ ਉਸ ਦੇ ਘਰ ਨੂੰ ਸਜਾਇਆ ਹੋਇਆ ਸੀ ਅਤੇ ਇਲਾਕਾ ਨਿਵਾਸੀ ਆਪਣੇ ਹੋਣਹਾਰ ਤੇ ਪਿਆਰੇ ਖਿਡਾਰੀ ਦੀ ਝਲਕ ਪਾਉਣ ਅਤੇ ਉਸਦਾ ਸਵਾਗਤ ਕਰਨ ਲਈ ਬੇਤਾਬ ਹੋਏ ਪਏ ਸਨ ਅਤੇ ਗੁਰਜੰਟ ਸਿੰਘ ਜਦੋਂ ਆਪਣੇ ਘਰ ਦੇ ਬਾਹਰ ਕਾਰ ਵਿਚੋਂ ਉਤਰਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੀ ਮਾਤਾ ਸੁਖਵਿੰਦਰ ਕੌਰ ਅਤੇ ਪਿਤਾ ਸ. ਬਲਦੇਵ ਸਿੰਘ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ।