ਡਾ.ਓਬਰਾਏ ਦੇ ਯਤਨਾਂ ਸਦਕਾ ਜਤਿੰਦਰ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡਾ ਪੁੱਜੀ
ਰਾਜਾਸਾਂਸੀ, 20 ਸਤੰਬਰ (ਹਰਦੀਪ ਸਿੰਘ ਖੀਵਾ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਨੀ ਨਾਲ ਸੰਬੰਧਿਤ 36 ਸਾਲਾ ਜਤਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚੀ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਦੋ ਮਾਸੂਮ ਬੱਚਿਆਂ ਦਾ ਪਿਤਾ ਜਤਿੰਦਰ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੁੱਝ ਸਮਾਂ ਪਹਿਲਾਂ ਦੁਬਈ ਆਇਆ ਸੀ ਕਿ ਬੀਤੇ ਦਿਨੀਂ ਭੇਦ ਭਰੇ ਹਾਲਾਤ ਵਿਚ ਉਸ ਦੀ ਮੌਤ ਹੋ ਗਈ। ਡਾ.ਓਬਰਾਏ ਨੇ ਦੱਸਿਆ ਕਿ ਜਤਿੰਦਰ ਦੀ ਲਾਸ਼ ਲਾਵਾਰਿਸ ਹਾਲਤ ਵਿਚ ਮਿਲਣ ’ਤੇ ਭਾਰਤੀ ਦੂਤਘਰ ਵਲੋਂ ਉਨ੍ਹਾਂ ਨਾਲ ਸੰਪਰਕ ਕਰਨ ਉਪਰੰਤ ਉਨ੍ਹਾਂ ਨੇ ਸਰਬੱਤ ਦਾ ਭਲਾ ਟਰੱਸਟ ਦੀ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਆਗਿਆਪਾਲ ਸਿੰਘ ਰਾਹੀਂ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਉਨ੍ਹਾਂ ਦੀ ਦੁਬਈ ਸਥਿਤ ਟੀਮ ਵਲੋਂ ਜਤਿੰਦਰ ਸਿੰਘ ਦੀ ਮ੍ਰਿਤਕ ਦੇ ਭਾਰਤ ਭੇਜਣ ਲਈ ਲੋੜੀਂਦੀ ਸਮੁੱਚੀ ਕਾਗਜ਼ੀ ਕਾਰਵਾਈ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਮੁਕੰਮਲ ਕੀਤੀ ਗਈ ਜਦ ਕਿ ਉਸ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਲਈ ਆਇਆ ਖਰਚ, ਦੁਬਈ ਸਥਿਤ ਭਾਰਤੀ ਦੂਤਘਰ ਵਲੋਂ ਕੀਤਾ ਗਿਆ ਹੈ।