ਜੰਮੂ ਕਸ਼ਮੀਰ: ਇਹ ਚੋਣਾਂ ਕਰਨਗੀਆਂ ਜੰਮੂ ਕਸ਼ਮੀਰ ਦਾ ਭਵਿੱਖ ਤੈਅ- ਪ੍ਰਧਾਨ ਮੰਤਰੀ
ਸ੍ਰੀਨਗਰ, 14 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡੋਡਾ ਅੱਜ ਇਥੇ ਪੁੱਜੇ, ਜਿਥੇ ਉਨ੍ਹਾਂ ਵਲੋਂ ਡੋਡਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ ਤੇ ਅਸੀਂ ਇਕ ਸੁਰੱਖਿਅਤ ਜੰਮੂ ਦਾ ਨਿਰਮਾਣ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣਾ ਹੀ ਭਲਾ ਕੀਤਾ ਹੈ। ਉਨ੍ਹਾਂ ਪਰਿਵਾਰਵਾਦ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਰਿਵਾਰਵਾਦ ਨੇ ਜੰਮੂ ਕਸ਼ਮੀਰ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਅਤੇ ਇਥੋਂ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਦੂਜੀਆਂ ਪਾਰਟੀਆਂ ਦੇ ਲੋਕ ਮੌਜਾਂ ਮਾਣਦੇ ਰਹੇ। ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤਕ ਪਾਰਟੀਆਂ ਨੇ ਸਿਰਫ਼ ਆਪਣੇ ਬੱਚਿਆਂ ਨੂੰ ਹੀ ਅੱਗੇ ਵਧਾਇਆ ਤੇ ਪਰਿਵਾਰਵਾਦ ਨੇ ਦੂਸਰੇ ਨੌਜਵਾਨਾਂ ਨੂੰ ਕਦੇ ਅੱਗੇ ਆਉਣ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਹ ਚੋਣਾਂ ਜੰਮੂ ਕਸ਼ਮੀਰ ਦਾ ਭਵਿੱਖ ਤੈਅ ਕਰਨਗੀਆਂ।