ਮਾਮਲਾ ਮਿੱਲ ਦੇ ਗੇਟ ਨੂੰ ਜ਼ਬਰੀ ਤਾਲਾ ਲਗਾਉਣ ਦਾ,ਮਿੱਲ ਪ੍ਰਬੰਧਕਾਂ ਵਲੋਂ ਕਿਸਾਨਾਂ ਖ਼ਿਲਾਫ਼ ਪੁਲਿਸ ਨੂੰ ਦਿੱਤੀ ਸ਼ਿਕਾਇਤ
ਫਗਵਾੜਾ, 20 ਸਤੰਬਰ (ਹਰਜੋਤ ਸਿੰਘ ਚਾਨਾ) - ਗੰਨਾ ਮਿੱਲ ਵੱਲ ਬਕਾਇਆ ਰਾਸ਼ੀ ਨੂੰ ਲੈ ਕੇ ਕੱਲ੍ਹ ਇਥੇ ਕਿਸਾਨਾਂ ਵਲੋਂ ਧਰਨੇ ਤੋਂ ਬਾਅਦ ਮਿੱਲ ਦੇ ਗੇਟ ਨੂੰ ਤਾਲਾ ਲਗਾਉਣ ਦੇ ਮਾਮਲੇ ’ਚ ਮਿੱਲ ਪ੍ਰਬੰਧਕਾਂ ਨੇ ਵੀ ਹੁਣ ਸਖ਼ਤ ਰੁੱਖ ਅਪਣਾਇਆ ਹੈ ਤੇ ਉਨ੍ਹਾਂ ਪ੍ਰਸਾਸ਼ਨ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਕੇ ਕਿਸਾਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਿੱਲ ਦੇ ਯੂਨਿਟ ਹੈੱਡ ਅਮਰੀਕ ਸਿੰਘ ਬੁੱਟਰ ਵਲੋਂ ਇਸ ਸੰਬੰਧ ’ਚ ਇਥੋਂ ਦੇ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਕਪੂਰਥਲਾ, ਏ.ਡੀ.ਸੀ. ਫਗਵਾੜਾ ਤੇ ਐਸ.ਪੀ. ਫਗਵਾੜਾ ਨੂੰ ਈ-ਮੇਲ ਰਾਹੀਂ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਮਿੱਲ ਦੇ ਗੇਟ ਨੂੰ ਜ਼ਬਰੀ ਤਾਲੇ ਲਗਾਉਣ, ਅਮਨ ਭੰਗ ਕਰਨ, ਮਿੱਲ ਦੇ ਕੈਮਰੇ ਤੋੜਨ ਦੇ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਵੇ। ਬੁੱਟਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਵੇਂ ਪ੍ਰਬੰਧਕਾਂ ਵੱਲ ਕਿਸਾਨਾਂ ਦਾ ਕੋਈ ਵੀ ਬਕਾਇਆ ਨਹੀਂ ਖੜ੍ਹਾ ਹੈ ਤੇ ਪੁਰਾਣੇ ਮਾਲਕਾਂ ਵੱਲ ਹੀ ਸਾਰੀ ਅਦਾਇਗੀ ਖੜ੍ਹੀ ਹੈ। ਕਿਸਾਨ ਜਾਣ ਬੁੱਝ ਕੇ ਨਵੇਂ ਪ੍ਰਬੰਧਕਾਂ ਨੂੰ ਵੀ ਬਦਨਾਮ ਕਰ ਰਹੇ ਹਨ।