ਘਰ ਨੂੰ ਸੰਨ੍ਹ ਲਗਾ ਕੇ ਲੱਖਾਂ ਦੀ ਨਗਦੀ, ਗਹਿਣੇ ਤੇ ਪਿਸਤੌਲ ਕੀਤਾ ਚੋਰੀ
ਚੋਗਾਵਾਂ, 8 ਸਤੰਬਰ (ਗੁਰਵਿੰਦਰ ਸਿੰਘ ਕਲਸੀ) - ਡੀ.ਐਸ.ਪੀ ਦਫ਼ਤਰ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਖੇਤਰ ਚ ਪੈਂਦੇ ਪਿੰਡ ਸਾਰੰਗੜਾ ਵਿਖੇ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕੰਧ ਪਾੜ ਕੇ ਲੱਖਾਂ ਦੀ ਨਗਦੀ, ਸੋਨਾ, ਪਿਸਤੌਲ ਤੇ ਰੋਂਦ ਚੋਰੀ ਕਰਕੇ ਰਫੂ ਚੱਕਰ ਹੋ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਗੁਰਦੁਆਰਾ ਬਾਬਾ ਸਿੱਧ ਸਿਲਵਰਾਂ ਸਾਰੰਗੜਾ ਦੇ ਪ੍ਰਧਾਨ ਗੁਰਭਗਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਕਮਰੇ ਦੀ ਪਿਛਲੀ ਕੰਧ ਪਾੜ ਕੇ ਅੰਦਰ ਦਾਖ਼ਲ ਹੋਏ ਜੋ ਕਿ ਕਮਰੇ ਵਿਚ ਗੁਰਦੁਆਰਾ ਬਾਬਾ ਸਿੱਧ ਸਿਲਵਰਾਂ ਦੀ ਉਗਰਾਹੀ ਦੇ 1 ਲੱਖ 60 ਹਜ਼ਾਰ ਰੁਪਏ ਤੇ 40 ਹਜਾਰ ਰੁਪਏ ਸਾਡੇ ਘਰ ਦੇ, ਤਿੰਨ ਤੋਲੇ ਸੋਨਾ, ਅਲਮਾਰੀ ਵਿਚ ਮੇਰੇ ਬੇਟੇ ਗੁਰਲਾਲ ਸਿੰਘ ਦਾ ਪਿਸਤੌਲ ਤੇ ਮੇਰੇ ਦੂਸਰੇ ਪਿਸਤੌਲ ਦੇ 17 ਰੋਂਦ ਚੋਰੀ ਕਰ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਚੋਗਾਵਾਂ ਇੰਦਰਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ।