ਸ੍ਰੀ ਮੁਕਤਸਰ ਸਾਹਿਬ: ਪੁੱਤ ਹੀ ਨਿਕਲਿਆ ਆਪਣੇ ਪਿਉ ਦਾ ਕਾਤਲ, ਖੁਦ ਹੀ ਰਚਿਆ ਲੁੱਟ ਦਾ ਡਰਾਮਾ
ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਰਾੜ੍ਹ ਕਲਾਂ ਵਿਖੇ ਵਾਪਰੀ ਘਟਨਾ ਵਿਚ ਪੁੱਤ ਹੀ ਆਪਣੇ ਪਿਤਾ ਦਾ ਕਤਲ ਨਿਕਲਿਆ ਹੈ। ਪਹਿਲਾਂ ਇਸ ਘਟਨਾ ਨੂੰ ਲੁੱਟ ਖੋਹ ਦੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਇਸ ਸੰਬੰਧੀ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਦੋਸ਼ੀ ਪੁੱਤਰ ਪਿਆਰਜੀਤ ਸਿੰਘ ਜੂਆ ਖੇਡਣ ਦਾ ਆਦੀ ਸੀ, ਜੋ ਕਿ 25 ਲੱਖ ਰੁਪਏ ਹਾਰ ਚੁੱਕਿਆ ਸੀ। ਪਿਤਾ ਆਪਣੇ ਪੁੱਤਰ ਤੋਂ ਪੈਸਿਆਂ ਦਾ ਹਿਸਾਬ ਮੰਗ ਰਿਹਾ ਸੀ, ਜਿਸ ਮਗਰੋਂ ਪੁੱਤਰ ਨੇ ਆਪਣੇ ਪਿਤਾ ਨੂੰ ਮਾਰਨ ਦੀ ਯੋਜਨਾ ਬਣਾਈ। ਇਸ ਯੋਜਨਾ ਤਹਿਤ ਹੀ ਉਹ ਕਾਰ 'ਤੇ ਆਪਣੇ ਪਿਤਾ ਨੂੰ ਚੰਡੀਗੜ੍ਹ ਲਿਜਾ ਰਿਹਾ ਸੀ ਅਤੇ ਥੋੜ੍ਹੀ ਦੂਰ ਜਾ ਕੇ ਚਾਕੂ ਮਾਰ ਕੇ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ ਅਤੇ ਆਪਣੀ ਕਈ ਦੋਸਤਾਂ ਨਾਲ ਗੱਡੀ ਦੀ ਭੰਨ ਤੋੜ ਕਰ ਕੇ ਲੁੱਟ ਦਾ ਝੂਠਾ ਡਰਾਮਾ ਰਚਿਆ ਸੀ। ਦੋਸ਼ੀ ਪਿਆਰਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।