ਭਾਰਤੀ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 3-1 ਨਾਲ ਹਰਾਇਆ
ਹੁਲਨਬੁਆਇਰ (ਚੀਨ), 12 ਸਤੰਬਰ-ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਵਿਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਦੱਖਣੀ ਕੋਰੀਆ ਨੂੰ 3-1 ਨਾਲ ਹਰਾ ਕੇ ਟੂਰਨਾਮੈਂਟ ਵਿਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਲਈ ਅਰਿਜੀਤ ਸਿੰਘ ਹੁੰਦਲ ਨੇ 1 ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਗੋਲ ਕੀਤੇ। ਹਰਮਨਪ੍ਰੀਤ ਦੇ ਦੋਵੇਂ ਗੋਲ ਪੈਨਲਟੀ ਕਾਰਨਰ ਤੋਂ ਹੋਏ। ਇਸ ਦੇ ਨਾਲ ਹੀ ਅਰਿਜੀਤ ਨੇ ਮੈਦਾਨੀ ਗੋਲ ਕੀਤਾ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਆਪਣੇ ਪਹਿਲੇ ਮੈਚ 'ਚ ਮੇਜ਼ਬਾਨ ਚੀਨ ਨੂੰ 3-0 ਨਾਲ ਅਤੇ ਦੂਜੇ ਮੈਚ 'ਚ ਜਾਪਾਨ ਨੂੰ 5-1 ਨਾਲ ਹਰਾਇਆ ਸੀ। ਜਦੋਂ ਕਿ ਤੀਜੇ ਮੈਚ ਵਿਚ ਮਲੇਸ਼ੀਆ ਨੂੰ 8-1 ਨਾਲ ਹਰਾਇਆ।