ਉਤਰਾਖ਼ੰਡ: ਗੰਗਾ ਨਦੀ ਦੇ ਤੇਜ਼ ਵਹਾਅ ’ਚ ਰੁੜੀਆਂ ਦੋ ਭੈਣਾਂ
ਦੇਹਰਾਦੂਨ , 16 ਸਤੰਬਰ - ਉਤਰਾਖ਼ੰਡ ਦੇ ਹਰੀਪੁਰ ਵਿਖੇ ਆਪਣੇ ਛੋਟੇ ਭਰਾ ਨੂੰ ਡੁੱਬਣ ਤੋਂ ਬਚਾਉਣ ਲਈ ਦੋ ਭੈਣਾਂ ਗੰਗਾ ਨਦੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਪੁਲਿਸ ਨੇ ਦੱਸਿਆ ਕਿ ਘਟਨਾ ਸਵੇਰੇ ਸਾਢੇ 11 ਵਜੇ ਗੀਤਾ ਕੁਟੀਰ ਘਾਟ ’ਤੇ ਵਾਪਰੀ, ਜਿੱਥੇ ਇਕ ਔਰਤ ਦੋ ਪਰਿਵਾਰਾਂ ਦੇ ਪੰਜ ਬੱਚਿਆਂ ਨਾਲ ਨਹਾ ਰਹੀ ਸੀ। ਅਧਿਕਾਰੀਆਂ ਅਨੁਸਾਰ 9 ਸਾਲਾ ਸੂਰਜ ਪਾਣੀ ਦੇ ਤੇਜ਼ ਵਹਾਅ ’ਚ ਵਹਿਣ ਲੱਗਾ, ਜਿਸ ਤੋਂ ਬਾਅਦ ਉਸ ਦੀਆਂ ਦੋ ਭੈਣਾਂ ਸਾਕਸ਼ੀ (15) ਅਤੇ ਵੈਸ਼ਨਵੀ (13) ਨੇ ਉਸ ਨੂੰ ਬਚਾਉਣ ਲਈ ਪਾਣੀ ’ਚ ਛਾਲ ਮਾਰ ਦਿੱਤੀ। ਭੈਣਾਂ ਨੇ ਸੂਰਜ ਨੂੰ ਨਦੀ ਦੇ ਕਿਨਾਰੇ ਵੱਲ ਧੱਕ ਕੇ ਬਚਾਇਆ ਪਰ ਤੇਜ਼ ਵਹਾਅ ਵਿਚ ਉਹ ਆਪ ਹੀ ਵਹਿ ਗਈਆਂ। ਪੁਲਿਸ ਨੇ ਤੁਰੰਤ ਸਟੇਟ ਡਿਜ਼ਾਸਟਰ ਪੁਲਿਸ ਫੋਰਸ ਨੂੰ ਮੌਕੇ ’ਤੇ ਬੁਲਾਇਆ ਅਤੇ ਨਦੀ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਦੋਵੇਂ ਭੈਣਾਂ ਅਜੇ ਤੱਕ ਲਾਪਤਾ ਹਨ।