100 ਕਰੋੜੀ ਘੁਟਾਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ. ਇਕ ਦਿਖਾਵਾ- ਸਰਬਜੀਤ ਸਿੰਘ ਝਿੰਜਰ
ਚੰਡੀਗੜ੍ਹ, 17 ਸਤੰਬਰ (ਪੰਜਾਬ ਮੇਲ)- ਯੂਥ ਅਕਾਲੀ ਦਲ ਨੇ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੀ ਆਈ.ਪੀ.ਐਸ. ਪਤਨੀ ਜੋਤੀ ਯਾਦਵ ਨੂੰ 100 ਕਰੋੜ ਦਾ ਸਾਈਬਰ ਕ੍ਰਾਈਮ ਘੋਟਾਲੇ ਵਿਚ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਵਿਸ਼ਾਲ ਧਰਨਾ ਦਿੱਤਾ ਅਤੇ ਪੁਲਿਸ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕੀਤਾ। ਮੁੱਖ ਮੰਤਰੀ ਵਲੋਂ ਨੌਜਵਾਨਾਂ ਨੂੰ ਮਿਲਣ ਤੋਂ ਇਨਕਾਰ ਕਰਨ ਦੇ ਬਾਵਜੂਦ ਯੂਥ ਕਾਰਕੁੰਨਾਂ, ਜਿਨ੍ਹਾਂ ਦੀ ਅਗਵਾਈ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਕਰ ਰਹੇ ਸਨ, ਨੂੰ ਰੋਕਿਆ ਗਿਆ। ਇਸ ਮੌਕੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ 100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਦੀ ਜਾਂਚ ਲਈ ਬਣਾਈ ਗਈ ਐਸ.ਆਈ.ਟੀ, ਜਿਸ ਵਿਚ ਹਰਜੋਤ ਬੈਂਸ ਅਤੇ ਉਸ ਦੀ ਪਤਨੀ ਜੋਤੀ ਯਾਦਵ ਵਿਰੁੱਧ ਗੰਭੀਰ ਦੋਸ਼ ਲਗਾਏ ਗਏ ਹਨ, ਮਹਿਜ਼ ਇਕ ਦਿਖਾਵਾ ਹੈ। ਰਾਜ ਦਾ ਕੋਈ ਵੀ ਪੁਲਿਸ ਅਧਿਕਾਰੀ ਮੰਤਰੀ ਦੀ ਭੂਮਿਕਾ ਦੀ ਜਾਂਚ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਸਰਕਾਰ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਨਿਗਰਾਨੀ ਵਿਚ ਕਰਵਾਏ ਤੇ ਨਾਲ ਹੀ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਪਤਾ ਲਗਾਉਣ ਲਈ ਈ.ਡੀ. ਤੋਂ ਜਾਂਚ ਕਰਵਾਈ ਜਾਵੇ। ਯੂਥ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਰਾ ਹਰਜੋਤ ਬੈਂਸ ਤੇ ਉਨ੍ਹਾਂ ਦੀ ਪਤਨੀ ਨੂੰ ਬਚਾਉਣਾ ਜਾਰੀ ਰੱਖਦੀ ਹੈ ਤਾਂ ਯੂਥ ਅਕਾਲੀ ਦਲ ਮੁੱਖ ਮੰਤਰੀ ਅਤੇ ਸਾਰੇ ਮੰਤਰੀਆਂ ਦਾ ਪੰਜਾਬ ਵਿਚ ਉਨ੍ਹਾਂ ਦੇ ਅਧਿਕਾਰਤ ਦੌਰਿਆਂ ਦੇ ਦੌਰਾਨ ਘੇਰਾਬੰਦੀ ਕਰੇਗਾ।