ਕਾਂਗਰਸ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਬਾਰੇ ਦਿੱਤੇ ਬਿਆਨਾਂ ਨੂੰ ਭੁੱਲ ਗਈ ਹੈ- ਜੇ.ਪੀ. ਨੱਢਾ
ਨਵੀਂ ਦਿੱਲੀ, 19 ਸਤੰਬਰ- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੂੰ ਇਕ ਖੁੱਲਾ ਪੱਤਰ ਲਿਖਿਆ ਹੈ। ਨੱਡਾ ਨੇ ਲਿਖਿਆ ਹੈ ਕਿ ਤੁਸੀਂ ਰਾਹੁਲ ਗਾਂਧੀ ਸਮੇਤ ਆਪਣੇ ਨੇਤਾਵਾਂ ਦੇ ਮਾੜੇ ਕੰਮਾਂ ਨੂੰ ਭੁੱਲ ਗਏ ਹੋ ਜਾਂ ਉਨ੍ਹਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਹੈ। ਇਹ ਉਸ ਚਿੱਠੀ ਦਾ ਜਵਾਬ ਹੈ ਜੋ ਖੜਗੇ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਸੀ, ਜਿਸ ’ਚ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਨੇਤਾਵਾਂ ’ਤੇ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਅੱਗੇ ਲਿਖਿਆ ਕਿ ਖੜਗੇ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜੋ ਚਿੱਠੀ ਲਿਖੀ ਹੈ, ਉਸ ਨੂੰ ਪੜ੍ਹ ਕੇ ਮੈਂ ਮਹਿਸੂਸ ਕੀਤਾ ਕਿ ਤੁਹਾਡੀਆਂ ਗੱਲਾਂ ਸੱਚ ਤੋਂ ਕਾਫ਼ੀ ਦੂਰ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਲਈ ਬੇਹੱਦ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਤੁਸੀਂ ਉਸ ਨੂੰ ਬਚਾਉਣ ਦੀ ਕਿਉਂ ਕੋਸ਼ਿਸ਼ ਕਰ ਰਹੇ ਹੋ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸੋਨੀਆ ਗਾਂਧੀ ਨੇ ਮੋਦੀ ਜੀ ਨੂੰ ਮੌਤ ਦਾ ਸੌਦਾਗਰ ਵਰਗੇ ਮਾੜੇ ਸ਼ਬਦ ਕਹੇ ਸਨ ਤਾਂ ਉਸ ਸਮੇਂ ਕਾਂਗਰਸ ਚੰਗੀ ਰਾਜਨੀਤੀ ਬਾਰੇ ਕਿਉਂ ਭੁੱਲ ਗਈ ਸੀ? ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਇਨ੍ਹਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ।