ਸ਼ੇਰੋਵਾਲੀਆ ਦੀ ਅਗਵਾਈ ‘ਚ ‘ਆਪ’ ਸਰਕਾਰ ਖਿਲਾਫ਼ ਧਰਨਾ ਸ਼ੁਰੂ
ਸ਼ਾਹਕੋਟ, 19 ਸਤੰਬਰ (ਏ.ਐਸ. ਅਰੋੜਾ/ਸੁਖਦੀਪ ਸਿੰਘ)- ਕਾਂਗਰਸ ਪਾਰਟੀ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਸੂਬੇ ਭਰ ਵਿਚ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੀ ਅਗਵਾਈ ‘ਚ ਅੱਜ ਸਵੇਰੇ 10 ਵਜੇ ਤੋਂ ਡੀ.ਐਸ.ਪੀ. ਦਫ਼ਤਰ ਸ਼ਾਹਕੋਟ ਅੱਗੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਏ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਅਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਕਾਰੋਬਾਰ ਸਿਖਰਾਂ ’ਤੇ ਪਹੁੰਚ ਚੁੱਕਾ ਹੈ, ਪਰ ‘ਆਪ’ ਸਰਕਾਰ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ਵਿਚ ‘ਆਪ’ ਸਰਕਾਰ ਪ੍ਰਤੀ ਭਾਰੀ ਰੋਸ ਹੈ।