ਪਿੰਡ ਸ਼ੇਰ ਸਿੰਘ ਵਾਲਾ ਵਿਖ਼ੇ ਸਰਬਸੰਮਤੀ ਨਾਲ ਹੋਈ ਸਰਪੰਚ ਅਤੇ ਪੰਚਾਂ ਦੀ ਚੋਣ
ਭੁਲੱਥ, (ਕਪੂਰਥਲਾ), 5 ਅਕਤੂਬਰ (ਮਨਜੀਤ ਸਿੰਘ ਰਤਨ)- ਇਥੋਂ ਨਜ਼ਦੀਕੀ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਲੋਕਾਂ ਵਲੋਂ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਅਮਰਜੋਤ ਸਿੰਘ ਖਹਿਰਾ ਨੂੰ ਪਿੰਡ ਦਾ ਸਰਪੰਚ ਅਤੇ ਮਨਜੀਤ ਸਿੰਘ, ਨਰਿੰਦਰ ਕੌਰ, ਅਮਰਜੋਤ ਕੌਰ, ਪਿਆਰਾ ਸਿੰਘ ਅਤੇ ਰਾਮ ਲਾਲ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ। ਇਸ ਮੌਕੇ ’ਤੇ ਚੁਣੇ ਗਏ ਸਰਪੰਚ ਅਮਰਜੋਤ ਸਿੰਘ ਖਹਿਰਾ ਨੇ ਕਿਹਾ ਕਿ ਪਿੰਡ ਵਿਚ ਵਿਕਾਸ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਜੋ ਵੀ ਵਿਕਾਸ ਦੇ ਕੰਮ ਰਹਿੰਦੇ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਏ ਹਰ ਇਕ ਵਿਅਕਤੀ ਦਾ ਕੰਮ ਬਿਨਾਂ ਕਿਸੇ ਭੇਦ ਭਾਵ ਕੀਤਾ ਜਾਵੇਗਾ। ਇਸ ਮੌਕੇ ’ਤੇ ਪਿੰਡ ਦੇ ਮੋਹਤਬਰ ਵਿਅਕਤੀ ਮਨਜੀਤ ਸਿੰਘ ਭੂਈ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੀਂ ਚੁਣੀ ਪੰਚਾਇਤ ਹਮੇਸ਼ਾਂ ਵਿਕਾਸ ਦੇ ਕੰਮਾਂ ਨੂੰ ਪਹਿਲ ਦੇਵੇਗੀ। ਜ਼ਿਕਰਯੋਗ ਹੈ ਕਿ ਪਿੰਡ ਵਿਚ ਦੂਸਰੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ।