ਹਰਿਆਣਾ ਦੇ ਮੁੱਖ ਮੰਤਰੀ ਦੇ ਚਿਹਰੇ ’ਤੇ ਪਾਰਟੀ ਦਾ ਫ਼ੈਸਲਾ ਕਰਾਂਗਾ ਸਵੀਕਾਰ- ਰਣਦੀਪ ਸਿੰਘ ਸੂਰਜੇਵਾਲਾ
ਕੈਥਲ (ਹਰਿਆਣਾ), 5 ਅਕਤੂਬਰ- ਕਾਂਗਰਸ ਦੇ ਸੰਸਦ ਮੈਂਬਰ ਰਣਦੀਪ ਸਿੰਘ ਸੂਰਜੇਵਾਲਾ ਨੇ ਕੈਥਲ ਦੇ ਇਕ ਪੋਲਿੰਗ ਸਟੇਸ਼ਨ ’ਤੇ ਹਰਿਆਣਾ ਵਿਧਾਨ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਵਲੋਂ ਮੁੱਖ ਮੰਤਰੀ ਦੇ ਚਿਹਰੇ ਲਈ ਜੋ ਫ਼ੈਸਲਾ ਲਿਆ ਜਾਵੇਗਾ, ਉਸ ਨੂੰ ਹਰ ਕੋਈ ਸਵੀਕਾਰ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਰਿਆਣਾ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਬਾਹਰ ਆ ਕੇ ਆਪਣੀ ਵੋਟ ਪਾਉਣ। ਇਹ ਵੋਟ ਬਦਲਾਅ ਲਈ ਹੈ। ਲੋਕ 10 ਸਾਲਾਂ ਦੇ ਭ੍ਰਿਸ਼ਟਾਚਾਰ ਤੋਂ ਅੱਕ ਚੁੱਕੇ ਹਨ, ਕਿਸਾਨਾਂ, ਨੌਜਵਾਨਾਂ, ਪਹਿਲਵਾਨਾਂ ਅਤੇ ਜਵਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਇਕ ਕ੍ਰਾਂਤੀਕਾਰੀ ਬਦਲਾਅ ਦੇਖਿਆ ਜਾਵੇਗਾ। ਮੁੱਖ ਮੰਤਰੀ ਬਣਨ ਦੀ ਇੱਛਾ ਰੱਖਣਾ ਗਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਮੀਦਵਾਰ ਕੋਲ ਹਰਿਆਣਾ ਵਿਚ ਬਦਲਾਅ ਅਤੇ ਕਿਸਾਨਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਦਾ ਵਿਜ਼ਨ ਹੋਣਾ ਚਾਹੀਦਾ ਹੈ। ਅਸੀਂ ਪਾਰਟੀ ਮੁਖੀਆਂ ਵਲੋਂ ਲਏ ਗਏ ਫ਼ੈਸਲੇ ਨੂੰ ਸਵੀਕਾਰ ਕਰਾਂਗੇ।