ਪਿੰਡ ਰੋਖੇ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ
ਅਜਨਾਲਾ (ਅੰਮ੍ਰਿਤਸਰ), 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਪਣੇ ਸੁਨਹਿਰੇ ਭਵਿੱਖ ਦੀਆਂ ਆਸਾਂ ਲੈ ਕੇ ਵਿਦੇਸ਼ੀ ਧਰਤੀ ਆਸਟ੍ਰੇਲੀਆ ਵਿਖੇ ਰੁਜ਼ਗਾਰ ਲਈ ਗਏ ਸਰਹੱਦੀ ਸ਼ਹਿਰ ਅਜਨਾਲਾ ਦੀ ਬੁੱਕਲ 'ਚ ਵੱਸਦੇ ਪਿੰਡ ਰੋਖੇ ਦੇ ਇਕ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਸੜਕ ਹਾਦਸੇ ਵਿਚ ਮੌਤ ਹੋਣ ਦੀ ਖਬਰ ਹੈ। ਆਜ਼ਾਦੀ ਘੁਲਾਟੀਏ ਬਾਪੂ ਕਰਨੈਲ ਸਿੰਘ ਦੇ ਪੋਤਰੇ ਸਾਬਕਾ ਸਰਪੰਚ ਤੇ ਲੈਕਚਰਾਰ ਪਰਮਜੀਤ ਸਿੰਘ ਰੋਖੇ ਨੇ ਦੱਸਿਆ ਕਿ ਉਨ੍ਹਾਂ ਦਾ 37 ਸਾਲਾ ਹੋਣਹਾਰ ਜਿਗਰ ਦਾ ਟੋਟਾ ਭਗਵੰਤ ਸਿੰਘ ਲਗਭਗ 2 ਸਾਲ ਪਹਿਲਾਂ ਆਪਣੀ ਪਤਨੀ ਸਮੇਤ ਆਸਟ੍ਰੇਲੀਆ ਦੇ ਮੈਲਬੋਰਨ ਵਿਚ ਗਿਆ ਸੀ ਤੇ ਉਹ ਅੱਜਕੱਲ੍ਹ ਟਰੱਕ ਚਲਾਉਂਦਾ ਸੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਭਗਵੰਤ ਸਿੰਘ ਅੱਜ ਵੀ ਮੈਲਬੋਰਨ ਤੋਂ 700 ਕਿਲੋਮੀਟਰ ਦੂਰ ਤੋਂ ਟਰੱਕ ਰਾਹੀਂ ਸਾਮਾਨ ਲੈ ਕੇ ਆ ਰਿਹਾ ਸੀ ਤਾਂ ਮੈਲਬੋਰਨ ਤੋਂ 200 ਕਿਲੋਮੀਟਰ ਦੀ ਦੂਰੀ ਉਤੇ ਅਚਾਨਕ ਉਸਦਾ ਟਰੱਕ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾਅ ਗਿਆ, ਜਿਸ ਕਾਰਨ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਤੇ ਦੇਖਦਿਆਂ ਹੀ ਦੇਖਦਿਆਂ ਅੱਗ ਨੇ ਪੂਰੇ ਟਰੱਕ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਭਗਵੰਤ ਸਿੰਘ ਦੀ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ।