ਬਿਜਲੀ ਮੁਲਾਜ਼ਮ ਗਏ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ
ਗੁਰੂ ਹਰ ਸਹਾਏ, 10 ਸਤੰਬਰ (ਕਪਿਲ ਕੰਧਾਰੀ/ਹਰਚਰਨ ਸਿੰਘ ਸੰਧੂ)- ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਬਿਜਲੀ ਕਾਮਿਆਂ ਦੀਆਂ ਮੰਗਾਂ ਵੱਟੇ ਖ਼ਾਤੇ ਪਾਉਣ ਖਿਲਾਫ਼ ਅੱਜ ਪੀ. ਐਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਰੇ ਬਿਜਲੀ ਕਾਮਿਆਂ ਵਲੋਂ ਤਿੰਨ ਦਿਨਾਂ ਸਮੂਹਿਕ ਛੁੱਟੀ ਦੇ ਸੱਦੇ ’ਤੇ ਗੁਰੂ ਹਰ ਸਹਾਏ ਦਫ਼ਤਰ ਦੇ ਗੇਟ ’ਤੇ ਰੋਸ ਰੈਲੀ ਪ੍ਰਧਾਨ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਰੋਸ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਕਲ ਸਕੱਤਰ ਫਿਰੋਜ਼ਪੁਰ ਇੰਜ ਸ਼ਿੰਗਾਰ ਮਹਿਰੋਕ ਨੇ ਦੱਸਿਆ 31 ਜੁਲਾਈ ਦੀ ਮੀਟਿੰਗ ਵਿਚ ਮੁਲਾਜ਼ਮ ਮੰਗਾਂ ’ਤੇ ਹੋਈਆਂ ਸਹਿਮਤੀਆਂ ਅਨੁਸਾਰ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ ਆਦਿ ਵੱਖ ਵੱਖ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਲਗਾਤਾਰ ਵਰਕ ਟੂ ਰੂਲ ਤਹਿਤ ਅਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ। ਆਗੂਆਂ ਨੇ ਦੱਸਿਆ ਕਿ ਅੱਜ ਤੋਂ 12 ਸਤੰਬਰ ਤੱਕ ਤਿੰਨ ਦਿਨ ਦੀ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ।