ਪਿੰਡ ਸੰਧਵਾਂ ਦੇ ਲੋਕਾਂ ਵਲੋਂ ਕਾਗਜ਼ ਰੱਦ ਹੋਣ 'ਤੇ ਸਰਕਾਰ ਤੇ ਰਿਟਰਨਿੰਗ ਅਫਸਰ ਖਿਲਾਫ ਕੀਤੀ ਨਾਅਰੇਬਾਜ਼ੀ
ਘੁਮਾਣ, (ਗੁਰਦਾਸਪੁਰ) 6 ਅਕਤੂਬਰ (ਬਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸੰਧਵਾਂ ਦੀ ਇਕ ਧਿਰ ਨੇ ਪੰਚਾਂ ਤੇ ਸਰਪੰਚਾਂ ਦੇ ਉਮੀਦਵਾਰਾਂ ਦੇ ਸਾਰੇ ਕਾਗਜ਼ ਰੱਦ ਕਰਨ ਦੇ ਦੋਸ਼ ਲਾਏ ਹਨ। ਪਿੰਡ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਸਾਡੀ ਧਿਰ ਨੇ 3 ਸਰਪੰਚੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਸ ਤੋਂ ਇਲਾਵਾ ਪੰਚਾਇਤ ਮੈਂਬਰਾਂ ਲਈ 5 ਵਾਰਡਾਂ ਤੋਂ 10 ਉਮੀਦਵਾਰਾਂ ਦੇ ਕਾਗਜ਼ ਦਾਖਲ ਕੀਤੇ ਸਨ ਪਰ ਸਿਆਸੀ ਸ਼ਹਿ ਉਤੇ ਰਿਟਰਨਿੰਗ ਅਫਸਰ ਵਲੋਂ ਸਾਡੇ 3 ਸਰਪੰਚੀ ਅਤੇ 8 ਪੰਚੀ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰਨ ਲਈ ਜਿਹੜੇ ਕਾਰਨ ਦੱਸੇ ਗਏ ਹਨ, ਉਹ ਬਿਲਕੁਲ ਹੀ ਝੂਠ ਦਾ ਪੁਲੰਦਾ ਹਨ। ਉਨ੍ਹਾਂ ਕਿਹਾ ਕਿ ਸਰਪੰਚੀ ਲਈ ਖੜ੍ਹੇ ਉਮੀਦਵਾਰਾਂ ਵਿਚੋਂ 2 ਉਮੀਦਵਾਰ ਪਹਿਲਾਂ ਕਦੇ ਵੀ ਚੋਣ ਨਹੀਂ ਲੜੇ ਅਤੇ ਇਕ ਉਮੀਦਵਾਰ ਕੋਲ ਪੰਚਾਇਤ ਵਿਭਾਗ ਦੀਆਂ ਸਾਰੀਆਂ ਐਨ. ਓ. ਸੀ. ਮੌਜੂਦ ਹਨ। ਉਨ੍ਹਾਂ ਕਿਹਾ ਕਿ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਇਸ ਮਸਲੇ ਸੰਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਿਆ ਤਾਂ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਰਿਟਰਨਿੰਗ ਅਫਸਰ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।