ਰੇਤਾ ਬੱਜਰੀ ਤੇ ਸਰੀਏ ਨਾਲ ਭਰੇ ਟਰੈਕਟਰ-ਟਰਾਲੀ ਦੇ ਪਲਟਣ ਨਾਲ ਇਕ ਵਿਅਕਤੀ ਦੀ ਮੌਤ
ਗੁਰੂਹਰਸਹਾਏ, 14 ਸਤੰਬਰ (ਕਪਿਲ ਕੰਧਾਰੀ)-ਅੱਜ ਗੁਰੂਹਰਸਹਾਏ ਵਿਖੇ ਸ਼ਾਮ 6 ਵਜੇ ਦੇ ਕਰੀਬ ਰੇਤਾ ਬੱਜਰੀ ਅਤੇ ਸਰੀਏ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਆਈ ਹੈ। ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਏ.ਐਸ.ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਲਾਲ ਚੰਦ ਜੋ ਕਿ ਗੁਰੂਹਰਸਹਾਏ ਦੇ ਇਕ ਸੀਮੈਂਟ ਬੱਜਰੀ ਅਤੇ ਸਰੀਏ ਦੀ ਦੁਕਾਨ ਉਤੇ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਅੱਜ ਗੁਰੂਹਰਸਹਾਏ ਤੋਂ ਰੇਤਾ ਬੱਜਰੀ ਅਤੇ ਸਰੀਆ ਲੱਦ ਕੇ ਰਾਣਾ ਪੰਜਗਰਾਈਂ ਪਿੰਡ ਨੂੰ ਜਾ ਰਿਹਾ ਸੀ ਤੇ ਉਹ ਟਰੈਕਟਰ ਦੇ ਪਿੱਛੇ ਬੈਠਾ ਸੀ। ਪਿੰਡ ਤੋਂ ਥੋੜ੍ਹਾ ਪਿੱਛੇ ਪਹੁੰਚਿਆ ਤਾਂ ਜਗ੍ਹਾ ਉੱਚੀ ਨੀਵੀਂ ਹੋਣ ਕਰਕੇ ਟਰੈਕਟਰ- ਟਰਾਲੀ ਅਚਾਨਕ ਪਲਟ ਗਈ, ਜਿਸ ਕਾਰਨ ਉਹ ਟਰੈਕਟਰ ਤੋਂ ਥੱਲੇ ਡਿੱਗ ਪਿਆ ਤੇ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਥੇ ਮੌਜੂਦ ਲੋਕਾਂ ਵਲੋਂ ਥਾਣਾ ਗੁਰੂਹਰਸਹਾਏ ਵਿਖੇ ਇਤਲਾਹ ਦਿੱਤੀ ਗਈ, ਜਿਸ ਤੋਂ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।