ਮ੍ਰਿਤਕ ਮਗਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ’ਚ ਸਥਿਤੀ ਬਣੀ ਤਣਾਅਪੂਰਨ
ਸੁਨਾਮ ਊਧਮ ਸਿੰਘ ਵਾਲਾ,19 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਬੀਤੇ ਦਿਨੀਂ ਸਥਾਨਕ ਪਟਿਆਲਾ ਰੋਡ ’ਤੇ ਹੋਏ ਇਕ ਸੜਕ ਹਾਦਸੇ ’ਚ ਮਾਰੇ ਗਏ ਚਾਰ ਮਗਨਰੇਗਾ ਮਜ਼ਦੂਰਾਂ ਲਈ ਵਿੱਢੇ ਸੰਘਰਸ਼ ਰਾਹੀ ਇਨਸਾਫ਼ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਦੇ ਕਾਰਕੁੰਨਾਂ ਅਤੇ ਪਿੰਡ ਵਾਸੀਆਂ ਵਿਚ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਵਾਸੀ ਵੀ ਬਰਾਬਰ ਆ ਕੇ ਸੜਕ ’ਤੇ ਬੈਠ ਗਏ ਅਤੇ ਵੱਖ-ਵੱਖ ਪਿੰਡਾਂ ’ਚੋਂ ਧਰਨੇ ਵਿਚ ਸ਼ਾਮਿਲ ਹੋਣ ਲਈ ਆ ਰਹੇ ਕਾਰਕੁੰਨਾਂ ਨੂੰ ਧਰਨੇ ’ਚੋ ਜਾਣ ਤੋਂ ਰੋਕਣਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਚੱਕਾ ਜਾਮ ਹੋਣ ਕਾਰਨ ਲੋਕਾਂ ਦੇ ਨਾਲ ਨਾਲ ਪਿੰਡ ਵਾਸੀ ਵੀ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ, ਸਾਰਾ ਟਰੈਫਿਕ ਪਿੰਡ ਰਾਹੀਂ ਜਾਣ ਕਾਰਨ ਹਰ ਸਮੇਂ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ’ਤੇ ਮੌਜੂਦ ਡੀ. ਐਸ. ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਸਮੇਤ ਪੁਲਿਸ ਥਾਣਾ ਸੁਨਾਮ ਦੇ ਐਸ. ਐਚ. ਓ. ਇੰਸਪੈਕਟਰ ਪ੍ਰਤੀਕ ਜਿੰਦਲ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵਲੋਂ ਸਥਿਤੀ ਨੂੰ ਸੰਭਾਲਿਆ ਗਿਆ। ਇਸ ਦੌਰਾਨ ਮਾਹੌਲ ਉਸ ਸਮੇ ਹੋਰ ਵਿਗੜ ਗਿਆ ਜਦੋਂ ਜਦੋਂ ਧਰਨੇ ’ਤੇ ਬੈਠੇ ਜਥੇਬੰਦੀਆਂ ਦੇ ਇਕ ਆਗੂ ਨੇ ਸਪੀਕਰ ਤੋਂ ਬੋਲਦਿਆਂ ਧਰਨਾਕਾਰੀਆਂ ਨੂੰ ਪਿੰਡ ਵਾਸੀਆਂ ਖ਼ਿਲਾਫ਼ ਭੜਕਾਊਣਾ ਸ਼ੁਰੂ ਕਰ ਦਿੱਤਾ। ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਮੌਕਾ ਸੰਭਾਲਦਿਆਂ ਤੁਰੰਤ ਉਸ ਨੌਜਵਾਨ ਆਗੂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਮਾਹੌਲ ਨੂੰ ਸ਼ਾਂਤ ਕੀਤਾ। ਇਸ ਸਮੇ ਪ੍ਰਸਾਸ਼ਨ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਹਿੰਦੇ ਦੋ ਮ੍ਰਿਤਕਾਂ ’ਚੋ ਹਰਪਾਲ ਸਿੰਘ ਪਾਲਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਕਰ ਲਿਆ ਅਤੇ ਉਨ੍ਹਾਂ ਨੂੰ ਪੁਲਿਸ ਦੀ ਗੱਡੀ ਵਿਚ ਬਿਠਾਕੇ ਸਿਵਲ ਹਸਪਤਾਲ ਲੈ ਗਏ।