ਮੈਨੂੰ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਸੰਬੰਧੀ ਕੋਈ ਪਛਤਾਵਾ ਨਹੀਂ- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 19 ਸਤੰਬਰ- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਵਲੋਂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ’ਤੇ ਉਨ੍ਹਾਂ ਨੂੰ ਪਛਤਾਵਾ ਹੈ ਤਾਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਨੂੰ ਕਿਉਂ ਪਛਤਾਵਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਤਾਂ ਆਪਣੀਆਂ ਪੀੜ੍ਹੀਆਂ ਗੁਆ ਦਿੱਤੀਆਂ। ਗਾਂਧੀ ਪਰਿਵਾਰ ਨੇ ਪੰਜਾਬ ਨੂੰ ਜਲਾ ਦਿੱਤਾ ਤੇ ਇਨ੍ਹਾਂ ਦੀਆਂ ਗਲਤੀਆਂ ਨੂੰ ਠੀਕ ਕਰਦੇ ਕਰਦੇ ਮੇਰੇ ਦਾਦਾ ਜੀ ਸ. ਬੇਅੰਤ ਸਿੰਘ ਅਤੇ 35000 ਦੇ ਕਰੀਬ ਲੋਕਾਂ ਨੂੰ ਆਪਣੀ ਜਾਨ ਗੁਆਣੀ ਪਈ। ਉਨ੍ਹਾਂ ਕਿਹਾ ਕਿ ਜੋ ਬਿਆਨ ਰਾਹੁਲ ਗਾਂਧੀ ਨੇ ਦਿੱਤਾ ਉਸ ਬਾਰੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਰਾਹੁਲ ਗਾਂਧੀ ਨੂੰ ਕੋਈ ਅਜਿਹਾ ਸਿੱਖ ਮਿਲਿਆ, ਜਿਸ ਨੂੰ ਪਗੜੀ ਬੰਨਣ ਜਾਂ ਕੜਾ ਪਾਉਣ ਤੋਂ ਰੋਕਿਆ ਗਿਆ ਹੋਵੇ। ਉਨ੍ਹਾਂ ਕਿਹਾ ਕਿ ਜੇ ਗੁਰਪਤਵੰਤ ਸਿੰਘ ਪਨੂੰ ਤੇ ਰਾਹੁਲ ਗਾਂਧੀ ਦੀ ਭਾਸ਼ਾ ਇਕ ਹੈ ਤਾਂ ਤੁਸੀਂ ਉਸ ਬਾਰੇ ਕੀ ਕਹੋਗੇ। ਉਨ੍ਹਾਂ ਕਿਹਾ ਕਿ ਮੁਆਫ਼ੀ ਤਾਂ ਕਾਂਗਰਸ ਪਾਰਟੀ ਤੇ ਪਾਰਟੀ ਪ੍ਰਧਾਨ ਨੂੰ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿੱਖਾਂ ਵਿਚ ਪਾੜ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਪੀੜਾ ਇਕ ਸਿੱਖ ਹੋਣ ਦੇ ਨਾਅਤੇ ਹੈ, ਮੈਂ ਕਿਸੇ ਪਾਰਟੀ ਵਲੋਂ ਕੁਝ ਨਹੀਂ ਬੋਲਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਤਾਂ ਦਿੱਲੀ ਵਿਚ ਬੈਠ ਕੇ ਮੌਜਾਂ ਕਰਦੇ ਹਨ ਜਾਂ ਵਿਦੇਸ਼ਾਂ ਨੂੰ ਚਲੇ ਜਾਂਦੇ ਹਨ ਪਰ ਇਸ ਦਾ ਸੇਕ ਅਸੀਂ ਝੇਲਿਆ ਹੈ। ਮੈਂ ਖੜਗੇ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਰਾਹੁਲ ਗਾਂਧੀ ਨੇ ਜੋ ਕਿਹਾ, ਉਹ ਸਹੀ ਹੈ?