ਨਹਿਰੂ ਪਰਿਵਾਰ ਨੇ ਸਿੱਖਾਂ ਨਾਲ ਕੀਤੇ ਵਾਅਦੇ ਕਦੇ ਨਹੀਂ ਕੀਤੇ ਪੂਰੇ- ਇਕਬਾਲ ਸਿੰਘ ਲਾਲਪੁਰਾ
ਨਵੀਂ ਦਿੱਲੀ, 10 ਸਤੰਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਦਿੱਤੇ ਬਿਆਨਾਂ ’ਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਟਿੱਪਣੀਆਂ ਉਨ੍ਹਾਂ ਦੀ ਮਾਨਸਿਕਤਾ ਅਤੇ ਸੋਚ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨਹਿਰੂ ਪਰਿਵਾਰ ਨੇ ਕਦੇ ਵੀ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 40 ਸਾਲ ਬਾਅਦ ਵੀ ਕੌਮੀ ਘੱਟ ਗਿਣਤੀ ਕਮਿਸ਼ਨ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੀ ਭਲਾਈ ਲਈ ਕਈ ਫ਼ੈਸਲੇ ਲਏ ਹਨ ਤੇ ਭਾਜਪਾ ਹਮੇਸ਼ਾ ਸਿੱਖਾਂ ਨੂੰ ਅੱਗੇ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵਿਰਾਸਤ ਹਮੇਸ਼ਾ ਪਿਤਾ ਤੋਂ ਮਿਲਦੀ ਹੈ ਇਸ ਲਈ ਰਾਹੁਲ ਗਾਂਧੀ ਵੀ ਘੱਟ ਗਿਣਤੀਆਂ ਵਿਚੋਂ ਹਨ, ਕਿਉਂਕਿ ਉਨ੍ਹਾਂ ਦੇ ਦਾਦਾ ਫ਼ਿਰੋਜ਼ ਗਾਂਧੀ ਪਾਰਸੀ ਸਨ, ਜੋ ਕਿ ਘੱਟ ਗਿਣਤੀ ਵਰਗ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਇਕੋ ਜਿਹੇ ਹਨ, ਸਾਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।