ਰਾਹੁਲ ਗਾਂਧੀ ਸਿੱਖ ਕੌਮ ਨੂੰ ਭੜਕਾਉਣ ਦੀ ਕਰ ਰਹੇ ਹਨ ਕੋਸ਼ਿਸ਼- ਰਵਨੀਤ ਸਿੰਘ ਬਿੱਟੂ
ਨਵੀਂ ਦਿੱਲੀ, 10 ਸਤੰਬਰ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਸਿੱਖ ਭਾਈਚਾਰੇ ਬਾਰੇ ਦਿੱਤੇ ਬਿਆਨ ’ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਪਹਿਲੀ ਵਾਰ ਵਿਰੋਧੀ ਧਿਰ ਦੇ ਨੇਤਾ ਦੇ ਤੌਰ ’ਤੇ ਅਮਰੀਕਾ ਗਏ ਸਨ, ਸਭ ਨੂੰ ਉਮੀਦ ਸੀ ਕਿ ਉਹ ਉਨ੍ਹਾਂ ਦੇ ਅਕਸ ’ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਵਿਚ ਕਦੇ ਵੀ ਸਹਿਜ ਮਹਿਸੂਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿਚ ਖਾਲਿਸਤਾਨੀ ਰਾਏਸ਼ੁਮਾਰੀ ਦਾ ਏਜੰਡਾ ਚੱਲ ਰਿਹਾ ਹੈ ਅਤੇ ਉਸਨੇ ਉੱਥੇ ਜਾ ਕੇ ਇਸ ਅੱਗ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਹਰਿਮੰਦਰ ਸਾਹਿਬ ਨੂੰ ਢਾਹ ਕੇ ਹਜ਼ਾਰਾਂ ਸਿੱਖਾਂ ਨੂੰ ਮਾਰਿਆ, ਪਹਿਲਾਂ ਇੰਦਰਾ ਗਾਂਧੀ ਅਤੇ ਫਿਰ ਰਾਜੀਵ ਗਾਂਧੀ ਨੇ ਸਿੱਖਾਂ ’ਤੇ ਤਸ਼ੱਦਦ ਕੀਤਾ। ਉਨ੍ਹਾਂ ਨੇ ਕਿਸਾਨ ਨੇਤਾਵਾਂ ਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਵਰਤਿਆ। ਉਹ ਮੁੜ ਤੋਂ ਅੱਗ ਨੂੰ ਭੜਕਾਉਣ ਅਤੇ ਸਿੱਖ ਕੌਮ ਨੂੰ ਦੇਸ਼ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।