100 ਕਰੋੜ ਘੁਟਾਲੇ ਦੇ ਤਾਰ ਜੁੜੇ ਹਨ ਦਿੱਲੀ ਤੱਕ- ਸਰਬਜੀਤ ਸਿੰਘ ਝਿੰਜਰ
ਚੰਡੀਗੜ੍ਹ, 13 ਸਤੰਬਰ- ਯੂਥ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਹਦਾਇਤ ਕਰਨ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਐਸ. ਪੀ. ਜਯੋਤੀ ਯਾਦਵ ਨੂੰ ਸਸਪੈਂਡ ਕੀਤਾ ਜਾਵੇ ਅਤੇ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਪਤੀ-ਪਤਨੀ ਦੋਵਾਂ ਖ਼ਿਲਾਫ਼ 100 ਕਰੋੜ ਰੁਪਏ ਦੇ ਸਾਈਬਰ ਅਪਰਾਧ ਘੁਟਾਲੇ ਦੀ ਜਾਂਚ ਦੇ ਵੀ ਹੁਕਮ ਦਿੱਤੇ ਜਾਣ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਨੂੰ ਹਦਾਇਤ ਕਰਨ ਕਿ ਕੇਸ ਡੂੰਘਾਈ ਨਾਲ ਜਾਂਚ ਵਾਸਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਭੇਜਿਆ ਜਾਵੇ ਕਿਉਂਕਿ ਇਸ ਵਿਚ ਮਨੀ ਲਾਂਡਰਿੰਗ ਦਾ ਮਾਮਲਾ ਵੀ ਸ਼ਾਮਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਰਨਾ ਇਸ ਕਰ ਕੇ ਜ਼ਰੂਰੀ ਹੈ ਕਿਉਂਕਿ ਰਾਜ ਸਰਕਾਰ ਵਲੋਂ ਕੇਸ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਕੇਸ ਦੀ ਜਾਂਚ ਨਹੀਂ ਕਰ ਸਕੇਗੀ, ਕਿਉਂਕਿ ਉਹ ਇਕ ਕੈਬਨਿਟ ਮੰਤਰੀ ਨੂੰ ਜਵਾਬਦੇਹ ਨਹੀਂ ਬਣਾ ਸਕਦੀ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਐਸ. ਆਈ. ਟੀ. ਗਠਿਤ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਐਸ. ਆਈ. ਟੀ. ਦਾ ਗਠਨ ਸਿਰਫ਼ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਕੀਤਾ ਗਿਆ ਤੇ ਇਸੇ ਕਰ ਕੇ ਲਾਜ਼ਮੀ ਹੈ ਕਿ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ। ਉਨ੍ਹਾਂ ਅੱਗੇ ਕਿਹਾ ਕਿ 100 ਕਰੋੜ ਦੇ ਘੁਟਾਲੇ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹਨ।