ਮਨਘੜੰਤ ਕੇਸ 'ਚ ਮਾਲਵਿੰਦਰ ਮਾਲੀ ਦੀ ਕੀਤੀ ਗਈ ਗ੍ਰਿਫ਼ਤਾਰੀ
ਦਿੜ੍ਹਬਾ, 19 ਸਤੰਬਰ (ਜਸਵੀਰ ਸਿੰਘ ਔਜਲਾ)-ਬੁੱਧੀਜੀਵੀ ਤੇ ਉੱਘੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਨਿਖੇਧੀ ਕੀਤੀ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਆਗੂ ਕਰਨ ਘੁਮਾਨ ਕੈਨੇਡਾ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਮਾਲਵਿੰਦਰ ਸਿੰਘ ਮਾਲੀ ਨੂੰ ਇਕ ਮਨਘੜੰਤ ਕੇਸ ਅਧੀਨ ਗ੍ਰਿਫ਼ਤਾਰ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਉਨ੍ਹਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਬਣਾਏ ਮਨਘੜੰਤ ਕੇਸ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦੀ ਨੁਕਤਾਚੀਨੀ ਕਰਨ ਵਾਲੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਹਰਕਤਾਂ ਇਕ ਗ਼ੈਰ ਜਮਹੂਰੀ ਕਾਰਾ ਹੈ। ਇਸ ਤਰ੍ਹਾਂ ਦੀਆਂ ਧੱਕੇਸ਼ਾਹੀ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲਾਂ ਵੀ ਕਈ ਵਾਰ ਅਜਿਹੀਆਂ ਨਿਖੇਧੀਯੋਗ ਕਾਰਵਾਈਆਂ ਕਰ ਚੁੱਕੀ ਹੈ।